ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2020: ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਅਕਾਦਮਿਕ ਨਤੀਜੇ ਪ੍ਰਾਪਤ ਕਰ ਰਹੇ ਹਨ। ਇਹ ਕਾਲਜ ਦੇ ਨਿਰੰਤਰ ਯਤਨਾਂ ਦਾ ਹੀ ਨਤੀਜਾ ਹੈ ਜੋ ਸਿੱਖਿਆ ਨੂੰ ਵਧੇਰੇ ਦਿਲਚਸਪ ਬਣਾਉਣ ਵੱਲ ਕੇਂਦਰਿਤ ਹੈ। ਇਹਨਾਂ ਉਪਰਾਲਿਆਂ ਦੀ ਬਦੌਲਤ ਇੱਕ ਵਾਰ ਫਿਰ ਬੀ.ਬੀ.ਏ. ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਬੀ.ਏ. ਤੀਜਾ ਸਮੈਸਟਰ (ਬੈੈਚ 2018-21) ਦੇ ਨਤੀਜੇ ਅਨੁਸਾਰ ਇਸ ਕਾਲਜ ਦੀ ਵਿਦਿਆਰਥਣ ਪਰਮਿੰਦਰ ਨੇ 86 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਚੋਂ ਪਹਿਲਾ ਸਥਾਨ, ਸਿਮਰਪ੍ਰੀਤ ਕੌਰ ਨੇ 85.7 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਪਰਮੀਤ ਕੌਰ ਸਿੱਧੂ ਨੇ 85 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰਾਂ ਪ੍ਰਭਜੋਤ ਕੌਰ ਤੇ ਸੋਨਾਕਸ਼ੀ ਨੇ 84 ਫ਼ੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਗਿਰੀਸ਼ ਬਾਂਸਲ ਤੇ ਕਰਨਵੀਰ ਸਿੰਘ ਨੇ 82 ਫ਼ੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੇ ਨਾਲ-ਨਾਲ ਸੰਸਥਾ ਲਈ ਵੀ ਅਹਿਮ ਹੈ। ਉਨਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਦਾ ਮੁੱਖ ਉਦੇਸ਼ ਇੰਡਸਟਰੀ ਦੀਆਂ ਲੋੜਾਂ ਅਤੇ ਚੁਣੌਤੀਆਂ ਅਨੁਸਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ। ਇਸ ਲਈ ਸੰਸਥਾ ਵਿਖੇ ਵਿਲੱਖਣ ਅਧਿਆਪਨ ਢੰਗਾਂ ਤਹਿਤ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਵਿਹਾਰਿਕ ਗਿਆਨ ਪ੍ਰਦਾਨ ਕਰਨ ਲਈ ਉਦਯੋਗਿਕ ਦੌਰੇ, ਲਾਈਵ ਪੋ੍ਰਜੈਕਟ , ਇੰਡਸਟਰੀ ਅਕੈਡਮੀਆ ਪ੍ਰੋਗਰਾਮ, ਗੈੱਸਟ ਲੈਕਚਰ ਆਦਿ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਹੈ। ਇਹਨਾਂ ਸਾਰਥਿਕ ਉਪਰਾਲਿਆਂ ਦੀ ਬਦੌਲਤ ਹੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਹ ਅਜਿਹੇ ਸ਼ਾਨਦਾਰ ਨਤੀਜੇ ਹਾਸਲ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਅੰਤ ਵਿੱਚ ਉਨਾਂ ਨੇ ਇੱਕ ਵਾਰ ਫਿਰ ਬੀ.ਬੀ.ਏ. ਤੀਜਾ ਸਮੈਸਟਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਉਨਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।