ਪਾਣੀ ਦੇ ਕੀਮਤੀ ਸਰੋਤ ਬਚਾਉਣ ਤੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਲਈ ਫਸਲੀ ਵਿਭਿੰਨਤਾ ਦਾ ਦਾਇਰਾ ਹੋਰ ਵਧਾਉਣ ਦੀ ਲੋੜ ’ਤੇ ਜ਼ੋਰ
ਚੰਡੀਗੜ, 03 ਅਗਸਤ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੇ ਕਿਸਾਨਾਂ ਵੱਲੋਂ 2.28 ਲੱਖ ਹੈਕਟੇਅਰ ਰਕਬੇ ਨੂੰ ਸਾਉਣੀ ਦੇ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚੋਂ ਫਸਲੀ ਵਿਭਿੰਨਤਾ ਰਾਹੀਂ ਬਾਹਰ ਕੱਢਣ ਦੇ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਸਾਉਣੀ 2020 ਦੇ ਸੀਜ਼ਨ ਦੌਰਾਨ ਫਸਲਾਂ ਦੀ ਕਾਮਯਾਬੀ ਨਾਲ ਬਿਜਾਈ ਲਈ ਵੀ ਕਿਸਾਨਾਂ ਦੀ ਤਾਰੀਫ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਣਾਏ ਜਾਣ ਦੇ ਕੀਤੇ ਉੱਦਮ ਦੀ ਕੇਂਦਰ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਵੀ ਰੱਜਵੀਂ ਸ਼ਲਾਘਾ ਕੀਤੀ ਹੈ ਅਤੇ 31 ਜੁਲਾਈ, 2020 ਨੂੰ ਪ੍ਰੈਸ ਸੂਚਨਾ ਬਿਊਰੋ ਦੇ ਜਾਰੀ ਇੱਕ ਬਿਆਨ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2.28 ਲੱਖ ਹੈਕਟੇਅਰ ਰਕਬੇ ਵਿਚ ਫਸਲੀ ਵਿਭਿੰਨਤਾ ਨੂੰ ਅਪਣਾਏ ਜਾਣ ਨਾਲ ਜਿੱਥੇ 2.7 ਬਿਲੀਅਨ ਕਿਊਬਿਕ ਮੀਟਰ ਤੱਕ ਦੇ ਜ਼ਮੀਨੀ ਜਲ ਦੀ ਬਚਤ ਹੋਵੇਗੀ ਉੱਥੇ ਹੀ ਇਸ ਕਦਮ ਨਾਲ ਸੂਬੇ ਵਿਚ 200 ਕਰੋੜ ਰੁਪਏ ਤੱਕ ਦੀ ਬਿਜਲੀ ਖਪਤ ਦੀ ਵੀ ਬੱਚਤ ਹੋਵੇਗੀ। ਇਸ ਨਾਲ ਪੰਜਾਬ ਸਰਕਾਰ ਵੱਲੋਂ ਆਪਣੇ ਜਲ ਸੋਮਿਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੁਲਾਰਾ ਮਿਲੇਗਾ।
ਸੋਮਵਾਰ ਨੂੰ ਸੂਬੇ ਵਿਚਲੀਆਂ ਬਿਜਾਈ ਸਬੰਧੀ ਗਤੀਵਿਧੀਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ ਪ੍ਰਵਾਸੀ ਕਾਮਿਆਂ ਦੀ ਘਾਟ ਦੇ ਬਾਵਜੂਦ ਸੂਬੇ ਨੇ ਨਾ ਸਿਰਫ ਸਾਉਣੀ ਦੀ ਬਿਜਾਈ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜੀ ਹੈ ਸਗੋਂ ਇਸ ਦੇ ਨਾਲ ਹੀ ਇਨਾਂ ਔਕੜ ਭਰੇ ਹਾਲਾਤਾਂ ਵਿਚ ਵੀ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਰਾਹ ਦਸੇਰਾ ਬਣੇ ਹਨ।
ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਨਿਰਦੇਸ਼ ਦਿੱਤੇ ਕਿ ਖੇਤੀਬਾੜੀ ਵਿਚ ਵਿਭਿੰਨਤਾ ਨੂੰ ਅਪਣਾਉਣ ਉੱਤੇ ਖਾਸ ਤੌਰ ’ਤੇ ਜ਼ੋਰ ਦਿੱਤਾ ਜਾਵੇ ਕਿਉਂ ਜੋ ਕਿਸਾਨਾਂ ਦੀ ਫਸਲਾਂ ਤੋਂ ਆਮਦਨ ਘੱਟਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿੱਥੇ ਇੱਕ ਪਾਸੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਨਹੀਂ ਹੋ ਰਿਹਾ ਉੱਥੇ ਹੀ ਖੇਤੀਬਾੜੀ ਸੰਦਾਂ ਦੀ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਕਿ ਉਹ ਗੰਨਾ, ਬਾਸਮਤੀ, ਦਾਲਾਂ, ਫੱਲ ਅਤੇ ਸਬਜ਼ੀਆਂ ਵਰਗੀਆਂ ਫਸਲਾਂ ਵੱਲ ਮੁਹਾਰਾਂ ਮੋੜਣ ਅਤੇ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਸੂਬੇ ਦੇ ਖੇਤੀਬਾੜੀ ਪ੍ਰਧਾਨ ਅਰਥਚਾਰੇ ਨੂੰ ਮਾਲੀ ਤੌਰ ’ਤੇ ਫਾਇਦੇ ਵਾਲੀ ਸਥਿਤੀ ਵਿਚ ਪਹੁੰਚਾਉਣ।
ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬੀਤੇ ਵਰੇ 6.30 ਲੱਖ ਹੈਕਟੇਅਰ ਦੀ ਥਾਂ ਇਸ ਵਰੇ 6.50 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਬਿਜਾਈ ਪੂਰੀ ਕਰ ਲਈ ਗਈ ਹੈ। ਇਸ ਵਰੇ ਸੂਬੇ ਵਿਚ ਬਾਸਮਤੀ ਹੇਠਲੇ ਰਕਬੇ ਦਾ ਦਾਇਰਾ 6.75 ਲੱਖ ਤੋਂ ਵੱਧ ਕੇ 7 ਲੱਖ ਹੈਕਟੇਅਰ ਹੋ ਜਾਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ (ਵਿਕਾਸ) ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਅਪਣਾਉਣ ਉੱਤੇ ਜ਼ੋਰ ਦੇਣ ਨਾਲ ਜਿੱਥੇ ਜ਼ਮੀਨੀ ਜਲ ਅਤੇ ਬਿਜਲੀ ਦੀ ਖਪਤ ਪੱਖੋਂ ਵੀ ਬਚਤ ਹੋਵੇਗੀ। ਇਸ ਵਰੇ ਝੋਨੇ ਦੀ ਸਿੱਧੀ ਬਿਜਾਈ ਰਾਹੀਂ 5.50 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਹੈ। ਇਸ ਨਾਲ ਵਿਕਾਸਮੁਖੀ ਖੇਤੀਬਾੜੀ ਦਾ ਟੀਚਾ ਪੂਰਾ ਹੋਵੇਗਾ ਜਿਸ ਨਾਲ ਕੁਦਰਤੀ ਸੋਮਿਆਂ ਦੀ ਬਚਤ ਦੇ ਨਾਲ ਨਾਲ ਸੰਦਾਂ ਦੀ ਲਾਗਤ ਘਟਣ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਪਿਛਲੇ ਵਰੇ 3.92 ਲੱਖ ਹੈਕਟੇਅਰ ਰਕਬੇ ਵਿਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ ਜੋ ਇਸ ਵਾਰ 1.09 ਲੱਖ ਹੈਕਟੇਅਰ ਵਧਦੀ ਹੋਈ 5.01 ਲੱਖ ਹੈਕਟੇਅਰ ਰਕਬੇ ਤੱਕ ਪਹੁੰਚ ਗਈ ਹੈ। ਬੀਤੇ ਵਰੇ ਸੂਬੇ ਵਿਚ ਸਭ ਤੋਂ ਵੱਧ ਕਪਾਹ ਦੀ ਕਾਸ਼ਤ 806 ਕਿਲੋ ਝਾੜ (ਿਟ) ਪ੍ਰਤੀ ਹੈਕਟੇਅਰ ਰਿਕਾਰਡ ਕੀਤੀ ਗਈ ਸੀ।
ਮੱਕੀ ਹੇਠਲੇ ਰਕਬੇ ਵਿਚ ਵੀ ਬੀਤੇ ਵਰੇ ਦੇ ਮੁਕਾਬਲੇ 0.83 ਲੱਖ ਹੈਕਟੇਅਰ ਰਕਬੇ ਦਾ ਵਾਧਾ ਹੋਇਆ ਹੈ। ਬੀਤੇ ਵਰੇ ਮੱਕੀ ਦੀ ਬਿਜਾਈ 1.60 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ ਜੋ ਕਿ ਇਸ ਵਰੇ 2.43 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਪਾਹ ਅਤੇ ਮੱਕੀ ਦੀਆਂ ਫਸਲਾਂ ਵਿਚ ਪਾਣੀ ਬਚਾਉਣ ਦੀ ਚੰਗੀ ਸਮਰੱਥਾ ਹੈ। ਇਸੇ ਤਰਾਂ ਹੀ ਦਾਲਾਂ ਦੀ ਕਾਸ਼ਤ ਹੇਠਲੇ ਰਕਬੇ ਵਿਚ 5000 ਹੈਕਟੇਅਰ ਅਤੇ ਗੰਨੇ ਦੀ ਕਾਸ਼ਤ ਹੇਠਲੇ ਰਕਬੇ ਵਿਚ 1000 ਹੈਕਟੇਅਰ ਦਾ ਵਾਧਾ ਹੋਇਆ ਹੈ।