ਹਰਦਮ ਮਾਨ
ਸਰੀ, 03 ਅਗਸਤ 2020: ਪ੍ਰੋਂ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਸਲਾਨਾ ਮੇਲਾ ਇਸ ਵਾਰ ਕੋਵਿਡ-19 ਕਾਰਨ ਹੋ ਨਹੀਂ ਸਕਿਆ ਪਰ ਫੇਰ ਵੀ ਫਾਊਂਡੇਸ਼ਨ ਦੇ ਲੱਗਭੱਗ 40 ਕਾਰਕੁੰਨਾਂ ਨੇ ਅੱਜ ਬੀਅਰ ਕਰੀਕ ਪਾਰਕ, ਸਰੀ ਵਿਚ ਮੋਮਬੱਤੀਆਂ ਜਗਾ ਕੇ ਉਨ੍ਹਾਂ ਮਹਾਨ ਯੋਧਿਆਂ ਨੂੰ ਸਿਜਦਾ ਕੀਤਾ ਗਿਆ।
ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮੱਰਪਿਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇਰਣਦੀਪ ਸਰਾਏ, ਐਮ. ਐਲ.ਏ. ਰਚਨਾ ਸਿੰਘ ਤੇ ਜਗਰੂਪ ਬਰਾੜ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਗਰੂਪ ਸਿੰਘ ਖੇੜਾ ਅਤੇ ਸਾਹਿਬ ਥਿੰਦ ਨੇ ਗ਼ਦਰੀ ਬਾਬਿਆਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਕਾਮਾਗਾਟਾਮਾਰੂ ਦੇ ਯੋਧਿਆਂ ਅਤੇ ਮੇਵਾ ਸਿੰਘ ਲੋਪੋਕੇ ਦੀ ਮਹਾਨ ਕੁਰਬਾਨੀ ਸਦਕਾ ਹੀ ਅੱਜ ਅਸੀਂ ਕੈਨੇਡਾ ਵਿਚ ਮਾਣਮੱਤਾ ਜੀਵਨ ਅਤੇ ਸਹੂਲਤਾਂ ਮਾਣ ਰਹੇ ਹਾਂ। ਭਾਈ ਮੇਵਾ ਸਿੰਘ ਨੇ ਉਸ ਸਮੇਂ ਨਸਲਵਾਦ ਵਿਰੁੱਧ ਕਦਮ ਚੁੱਕਿਆ ਅਤੇ ਫਾਂਸੀ ਦੇ ਰੱਸੇ ਨੂੰ ਚੁੰਮਿਆਂ। ਇਸ ਮੌਕੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਵੀ ਸਿਜਦਾ ਕੀਤਾ ਗਿਆ।
ਇਸ ਇਕੱਤਰਤਾ ਪਾਸ ਕੀਤੇ ਗਏ ਵੱਖ ਵੱਖ ਮਤਿਆਂ ਰਾਹੀਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਅਦਾਲਤੀ ਰਿਕਾਰਡ ਦਰੁਸਤ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਟਰੂਡੋ ਸਰਕਾਰ ਵੱਲੋਂ 26 ਮਾਰਚ 2018 ਨੂੰ 6 ਆਦਿਵਾਸੀ ਮੁਖੀਆਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਉਪਰ 14 ਕਤਲਾਂ ਦੇ ਕੇਸ ਦਰਜ ਸਨ, ਉਸੇ ਤਰ੍ਹਾਂ ਭਾਈ ਮੇਵਾ ਸਿੰਘ ਨੂੰ ਦੋਸ਼ ਮੁਕਤ ਕੀਤਾ ਜਾਵੇ, ਵੈਨਕੂਵਰ ਦੀ ਵਾਟਰ ਫਰੰਟ ਸਟਰੀਟ ਦਾ ਨਾਮ ਕਾਮਾਗਾਟਾਮਾਰੂ ਰੱਖਿਆ ਜਾਵੇ।
ਬ੍ਰਿਟਿਸ਼ ਕੋਲੰਬੀਆ ਅਤੇ ਹੋਰਨਾਂ ਸੂਬਿਆਂ ਦੀ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਗ਼ਦਰ ਲਹਿਰ, ਕਾਮਾਗਾਟਾਮਾਰੂ ਅਤੇ ਲੋਕ ਹੱਕਾਂ ਖਾਤਿਰ ਚੱਲੀਆਂ ਲਹਿਰਾਂ ਦਾ ਇਤਿਹਾਸ ਸਕੂਲਾਂ ,ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ, ਬੀਸੀ ਵਿਧਾਨ ਸਭਾ ਵਿਚ ਭਾਈ ਮੇਵਾ ਸਿੰਘ ਲੋਪੋਕੇ ਦੇ ਸਨਮਾਨ ਵਿਚ ਮਤਾ ਪਾਸ ਕੀਤਾ ਜਾਵੇ ਅਤੇ ਸਰੀ ਸ਼ਹਿਰ ਵਿਚ ਭਾਈਚਾਰੇ ਲਈ ਕਮਿਊਨਿਟੀ ਸੈਂਟਰ ਬਣਾਇਆ ਜਾਵੇ।
ਪ੍ਰੋਂ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਪ੍ਰਧਾਨ ਸਾਹਿਬ ਥਿੰਦ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸਭਨਾਂ ਦਾ ਧੰਨਵਾਦ ਕੀਤਾ।