ਕਿਹਾ, ਮੁਹਾਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਸੈਕਟਰ 79 ਵਿਚ ਕੀਤਾ ਜਾਵੇਗਾ ਵਰਕਿੰਗ ਵੂਮੈਨਸ ਹੋਸਟਲ ਸਥਾਪਤ
ਸਾਰੇ ਵੱਡੇ ਪਾਰਕਾਂ ਵਿਚ ਸਪ੍ਰਿੰਟਿੰਗ ਟਰੈਕ ਬਣਾਏ ਜਾਣਗੇ
ਪਿੰਡ ਗਿਰਦਰਪੁਰਾ ਵਿਖੇ ਜੰਗਲ ਦੀ ਜ਼ਮੀਨ ਨੂੰ ਡੇਅਰੀਆਂ ਬਣਾਉਣ ਲਈ ਵਰਤਿਆ ਜਾਏਗਾ
ਕਿਹਾ, ਜ਼ਿਲ੍ਹੇ ਦੇ ਸਾਰੇ ਜੇ-ਫਾਰਮ ਧਾਰਕ ਕਿਸਾਨਾਂ ਨੂੰ 'ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ' ਅਧੀਨ ਕੀਤਾ ਜਾਵੇਗਾ ਕਵਰ
ਐਸ ਏ ਐਸ ਨਗਰ, 04 ਅਗਸਤ 2020: ਸਥਾਨਕ ਪ੍ਰਸ਼ਾਸਨ ਕੋਲ ਜ਼ਿਲ੍ਹੇ ਦੇ ਵਿਕਾਸ ਸਬੰਧੀ ਮੁੱਦੇ ਉਠਾਉਂਦਿਆਂ, ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ, ਪੰਜਾਬ ਅਤੇ ਸਥਾਨਕ ਵਿਧਾਇਕ ਸ.ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਦੇ ਨੁਮਾਇੰਦੇ ਵਜੋਂ ਉਹ ਵਿਕਾਸ ਨਾਲ ਜੁੜੇ ਹਰ ਮੁੱਦੇ ਨੂੰ ਹੱਲ ਕਰਨਾ ਯਕੀਨੀ ਬਣਾਉਣਗੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੰਮ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਨੇ ਵਿਕਾਸ ਸਬੰਧੀ ਮੁੱਦਿਆਂ ਦਾ ਸਮਾਂਬੱਧ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਗਮਾਡਾ ਵਲੋਂ ਸੈਕਟਰ 79 ਵਿਚ ਵਰਕਿੰਗ ਵੂਮੈਨਸ ਹੋਸਟਲ ਸਥਾਪਤ ਕਰਨ ਲਈ ਮੁਫਤ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ ਅਤੇ ਲਾਂਡਰਾ ਚੌਕ ਨੇੜੇ ਸਥਿਤ ਸੰਗਮਰਮਰ ਦੀਆਂ ਦੁਕਾਨਾਂ ਨੂੰ ਕਿਸੇ ਹੋਰ ਢੁੱਕਵੀਂ ਥਾਂ 'ਤੇ ਤਬਦੀਲ ਕਰਨ ਦੀ ਭਾਲ ਕੀਤੀ ਜਾ ਰਹੀ ਹੈ। ਐਮਆਈਜੀ / ਐਲਆਈਜੀ ਫਲੈਟਾਂ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਇਕ ਵਿਸ਼ੇਸ਼ ਨੀਤੀ ਲਿਆਉਣ ਬਾਰੇ ਕਿਹਾ ਅਤੇ ਬੁੱਚੜਖਾਨੇ ਬਣਾਉਣ ਸਬੰਧੀ ਜ਼ਮੀਨ ਸਬੰਧੀ ਮਸਲੇ ਨੂੰ ਹੱਲ ਕਰਨ ਲਈ ਕਿਹਾ।
ਮੰਤਰੀ ਨੇ ਕੁਝ ਵਿਸ਼ੇਸ਼ ਸੜਕਾਂ ਨੂੰ ਘੱਟੋ-ਘੱਟ ਅਠਾਰਾਂ ਫੁੱਟ ਤੱਕ ਚੌੜਾ ਕਰਨ ਦੀ ਸੰਭਾਵਨਾ ‘ਤੇ ਵਿਚਾਰ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਪਿੰਡ ਪੱਧਰ 'ਤੇ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਸਥਾਪਤ ਕਰਨ ਦੀ ਸੰਭਾਵਨਾ ਨੂੰ ਵਧਾਇਆ ਜਾ ਸਕੇ। ਉਨ੍ਹਾਂ ਤਹਿਸੀਲ ਖਰੜ ਦੇ ਪਿੰਡ ਗਿਰਦਰਪੁਰਾ ਵਿਖੇ ਪਈ ਜੰਗਲ ਦੀ ਜ਼ਮੀਨ ਵਿਚ ਦੋਧੀਆਂ ਨੂੰ ਖਾਸ ਖੇਤਰ ਨਿਰਧਾਰਤ ਕਰਕੇ ਡੇਅਰੀਆਂ ਸਥਾਪਤ ਕਰਨ ਦੀ ਤਜਵੀਜ਼ ਵੀ ਰੱਖੀ। ਗਮਾਡਾ ਨੂੰ ਸ਼ਹਿਰ ਦੇ ਵੱਡੇ ਪਾਰਕਾਂ ਨੂੰ ਸੰਭਾਲਣ ਅਤੇ ਸਾਰੇ ਵੱਡੇ ਪਾਰਕਾਂ ਵਿਚ ਸਪ੍ਰਿੰਟਿੰਗ ਟਰੈਕ ਬਣਾਉਣ ਲਈ ਵੀ ਕਿਹਾ ਗਿਆ।
ਉਨ੍ਹਾਂ ਗਮਾਡਾ ਨੂੰ ਟੀਡੀਆਈ ਸਿਟੀ, ਅਕਾਲ ਆਸ਼ਰਮ ਅਤੇ ਗ੍ਰੀਨ ਐਨਕਲੇਵ ਦੀ ਸੀਵਰੇਜ ਸਮੱਸਿਆ ਦੀ ਜਾਂਚ ਕਰਨ ਅਤੇ ਪਿੰਡ ਬਾਕਰਪੁਰ, ਮੌਲੀ, ਚਿੱਲਾ ਅਤੇ ਲਖਨੌਰ ਵਿਚ ਪਾਣੀ ਦੀ ਖੜੋਤ ਦੀ ਸਮੱਸਿਆ ਦੇ ਹੱਲ ਲਈ ਨਿਰਦੇਸ਼ ਦਿੱਤੇ।
ਨਗਰ ਨਿਗਮ ਨੂੰ ਪਾਲਿਕਾ ਬਾਜ਼ਾਰ, ਫੇਜ਼ 11 ਮੁਹਾਲੀ ਵਿੱਚ ਦੁਕਾਨਾਂ ਦੇ ਛੱਜੇ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੂੰ ਸ਼ਮਸ਼ਾਨ ਘਾਟ ਦੇ ਨੇੜੇ ਖੁੱਲੇ ਵਿੱਚ ਸ਼ੌਚ ਦੀ ਸਮੱਸਿਆ ਦੇ ਹੱਲ ਲਈ ਸ਼ਮਸ਼ਾਨ ਘਾਟ ਮੁਹਾਲੀ ਨੇੜੇ ਕਮਿਊਨਿਟੀ ਪਖਾਨੇ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡੀਡੀਪੀਓ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮੁਹਾਲੀ ਵਿੱਚ ਹੀ ਬੀਡੀਪੀਓ ਦਫਤਰ ਦੇ ਗਠਨ ਲਈ ਪ੍ਰਸਤਾਵ ਤਿਆਰ ਕਰਨ।
'ਆਯੂਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ' ਤਹਿਤ 'ਜੇ' ਫਾਰਮ ਧਾਰਕ ਕਿਸਾਨਾਂ ਨੂੰ ਕਵਰ ਕਰਨ ਦੇ ਮੁੱਦੇ ਨੂੰ ਉਠਾਉਂਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਜੇ-ਫਾਰਮ ਧਾਰਕ ਕਿਸਾਨਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਦੇ ਇਲਾਕਿਆਂ ਜਿਵੇਂ ਕਿ ਮਛਲੀਕਲਾਂ ਅਤੇ ਹੋਰ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਨੂੰ ਚੰਡੀਗੜ੍ਹ ਦੀਆਂ ਅਨਾਜ ਮੰਡੀਆਂ ਵਿਚ ਵੇਚਦੇ ਹਨ। ਉਨ੍ਹਾਂ ਕੋਲ ਉਕਤ ਫਾਰਮ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਨੂੰ ਸਕੀਮ ਵਿੱਚ ਦਿੱਤੇ ਗਏ ਬੀਮਾ ਕਵਰ ਦਾ ਲਾਭ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਕਿਸਾਨਾਂ ਪਾਸੋਂ ਮੁਹਾਲੀ ਦੇ ਵਸਨੀਕ ਹੋਣ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਜਮ੍ਹਾਬੰਦੀ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਉਹ ਇਸ ਸਕੀਮ ਦਾ ਸਫਲਤਾਪੂਰਵਕ ਲਾਭ ਲੈ ਸਕਣ।
ਇਸ ਮੌਕੇ ਮਾਰਕਟੀ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ਚੰਦ ਸ਼ਰਮਾ, ਪ੍ਰਸ਼ਾਸਨ ਦੇ ਸਾਰੇ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀ, ਵਧੀਕ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ, ਮਿਊਂਸਪਲ ਕਮਿਸ਼ਨਰ ਕਮਲ ਕੁਮਾਰ ਅਤੇ ਗਮਾਡਾ ਤੋਂ ਰਾਕੇਸ਼ ਧੀਮਾਨ ਮੌਜੂਦ ਸਨ।