ਡਿਪਟੀ ਕਮਿਸ਼ਨਰ ਨੇ ਪੂਰਵ-ਪ੍ਰਬੰਧਾਂ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ; ਸਾਈਟ ਦਾ ਕੀਤਾ ਦੌਰਾ
ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਲਈ ਦਿੱਤੇ ਨਿਰਦੇਸ਼
ਐਸ.ਏ.ਐਸ.ਨਗਰ, 4 ਅਗਸਤ 2020: ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਦੇ ਪੂਰਵ-ਪ੍ਰਬੰਧਾਂ ਲਈ ਆਨ-ਸਾਇਟ ਮੀਟਿੰਗ ਅੱਜ ਇਥੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਮੁਹਾਲੀ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸ਼ਮੂਲੀਅਤ ਨਾ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਦਾ ਰਸਮੀ ਹਿੱਸਾ ਢੁਕਵੇਂ ਢੰਗ ਨਾਲ ਮਨਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪੁਲਿਸ ਦੇ ਜਵਾਨ ਮਾਰਚ ਵਿੱਚ ਹਿੱਸਾ ਲੈਣਗੇ ਅਤੇ ਮੁੱਖ ਮਹਿਮਾਨ ਸੰਬੋਧਨ ਕਰਨਗੇ। ਉਹਨਾਂ ਸਪੱਸ਼ਟ ਕੀਤਾ ਕਿ ਸਕੂਲੀ ਵਿਦਿਆਰਥੀਆਂ ਨਾਲ ਸਬੰਧਤ ਕੋਈ ਵੀ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਇਹ ਯਕੀਨੀ ਬਣਾਉਣ ਹਦਾਇਤ ਦਿੱਤੀ ਕਿ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਆਪਣੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਕੋਈ ਵੀ ਸਮਾਗਮ ਆਯੋਜਿਤ ਨਾ ਕਰਨ।
ਉਨ੍ਹਾਂ ਨੇ ਸਮਾਗਮ ਵਾਲੀ ਥਾਂ ਦੀ ਸਾਫ-ਸਫਾਈ ਅਤੇ ਮੁਕੰਮਲ ਸੈਨੀਟਾਈਜੇਸ਼ਨ ਕਰਨ ਦੇ ਆਦੇਸ਼ ਦਿੱਤੇ ਅਤੇ ਸਬੰਧਤ ਅਧਿਕਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਆਸ਼ੀਕਾ ਜੈਨ ਏ.ਡੀ.ਸੀ.(ਜੀ), ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।