ਬੂਥਗੜ 4 ਅਗਸਤ 2020: ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਅਧੀਨ ਪੈਂਦੇ ਪਿੰਡ ਜੁਝਾਰ ਨਗਰ ਅਤੇ ਓਮੈਕਸ ਸਿਟੀ ਵਿਚ 'ਕੋਰੋਨਾ ਵਾਇਰਸ' ਲਾਗ ਦੇ ਦੋ ਕੇਸ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਸਿਹਤ ਟੀਮਾਂ ਨੇ ਜੁਝਾਰ ਨਗਰ ਦੇ 62 ਸਾਲਾ ਮਰੀਜ਼ ਨੂੰ ਗਿਆਨ ਸਾਗਰ ਹਸਪਤਾਲ, ਬਨੂੰੜ ਵਿਚਲੇ ਕੋਵਿਡ ਕੇਅਰ ਸੈਂਟਰ ਵਿਖੇ ਸ਼ਿਫ਼ਟ ਕੀਤਾ ਜਦਕਿ ਓਮੈਕਸ ਸਿਟੀ ਵਾਸੀ 30 ਸਾਲਾ ਮਹਿਲਾ ਮਰੀਜ਼ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ। ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਜੁਝਾਰ ਨਗਰ ਵਾਲਾ ਮਰੀਜ਼ ਚੰਡੀਗੜ ਵਿਖੇ ਕੰਮ ਕਰਦਾ ਹੈ ਅਤੇ ਉਸ ਨੂੰ ਖੰਘ ਤੇ ਜ਼ੁਕਾਮ ਦੀ ਤਕਲੀਫ਼ ਕਾਰਨ ਉਸ ਦਾ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਹੋਵੇਗਾ। ਮਰੀਜ਼ ਦੇ ਪਰਵਾਰ ਦੇ ਸਾਰੇ ਛੇ ਜੀਆਂ ਨੂੰ ਘਰ ਵਿਚ ਇਕਾਂਤਵਾਸ ਕਰ ਦਿਤਾ ਗਿਆ ਹੈ। ਇਨ੍ਹਾਂ ਸਾਰਿਆਂ ਦਾ ਵੀ 'ਕੋਰੋਨਾ ਵਾਇਰਸ' ਦਾ ਟੈਸਟ ਕੀਤਾ ਜਾਵੇਗਾ। 30 ਸਾਲਾ ਮਹਿਲਾ ਮਰੀਜ਼ ਅੰਦਰ ਬੁਖ਼ਾਰ, ਖੰਘ, ਜ਼ੁਕਾਮ ਜਿਹਾ ਕੋਈ ਲੱਛਣ ਨਾ ਹੋਣ ਕਾਰਨ ਉਸ ਨੂੰ ਘਰ ਵਿਚ ਹੀ ਅਲੱਗ-ਥਲੱਗ ਕਰ ਦਿਤਾ ਗਿਆ ਹੈ। ਉਨਾਂ ਦਸਿਆ ਕਿ ਬਲਾਕ ਵਿਚ ਹੁਣ ਤਕ 34 ਕੇਸ ਸਾਹਮਣੇ ਆਏ ਹਨ ਜਿਨਾਂ ਵਿਚੋਂ 22 ਮਰੀਜ਼ ਜ਼ੇਰੇ ਇਲਾਜ ਹਨ ਅਤੇ 11 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਇਕ ਮਰੀਜ਼ ਦੀ ਮੌਤ ਹੋ ਗਈ ਸੀ।
ਮਰੀਜ਼ ਨੂੰ ਹਸਪਤਾਲ ਵਿਚ ਸ਼ਿਫ਼ਟ ਕਰਨ ਸਮੇਂ ਡਾ. ਦਿਲਬਾਗ਼ ਸਿੰਘ ਨੇ ਮਰੀਜ਼ ਸਣੇ ਸਾਰੇ ਪਰਵਾਰਕ ਜੀਆਂ ਨੂੰ ਦਸਿਆ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਜ਼ਰੂਰੀ ਸਾਵਧਾਨੀਆਂ ਵਰਤਦਿਆਂ ਅਪਣਾ ਬਚਾਅ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਚੰਗੀ ਖ਼ੁਰਾਕ ਖਾਣ ਅਤੇ ਤਣਾਅ-ਮੁਕਤ ਰਹਿਣ ਨਾਲ ਇਸ ਬੀਮਾਰੀ ਤੋਂ ਸਹਿਜੇ ਹੀ ਮੁਕਤੀ ਪਾਈ ਜਾ ਸਕਦੀ ਹੈ। ਉਨਾਂ ਮਰੀਜ਼ ਅਤੇ ਪਰਵਾਰ ਵਾਲਿਆਂ ਨੂੰ ਕਿਹਾ ਕਿ ਉਹ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਘਰ ਅੰਦਰ ਦਾਖ਼ਲ ਨਾ ਹੋਣ ਦੇਣ ਅਤੇ ਖ਼ੁਦ ਵੀ ਘਰ ਵਿਚ ਹੀ ਰਹਿਣ। ਉੁਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਮਰੀਜ਼ਾਂ ਦੀ ਸਿਹਤ 'ਤੇ ਲਗਾਤਾਰ ਨਿਗਰਾਨੀ ਰੱਖਣਗੀਆਂ ਅਤੇ ਮਰੀਜ਼ ਨੂੰ ਸਬੰਧਤ ਡਾਕਟਰਾਂ ਦੇ ਸੰਪਰਕ ਨੰਬਰ ਮੁਹਈਆ ਕਰਵਾ ਦਿਤੇ ਗਏ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਨੂੰ ਕਾਬੂ ਹੇਠ ਲਿਆਉਣ ਲਈ ਪੂਰੀ ਤਰਾਂ ਯਤਨਸ਼ੀਨ ਹੈ ਪਰ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮੂੰਹ ਜ਼ਰੂਰ ਢੱਕ ਕੇ ਰੱਖਣ ਅਤੇ ਇਕ ਦੂਜੇ ਤੋਂ ਦੂਰੀ ਕਾਇਮ ਰੱਖੀ ਜਾਵੇ। ਉਨਾਂ ਕਿਹਾ ਕਿ ਜਿਥੇ ਕਿਤੇ ਵੀ ਪਾਜ਼ੇਟਿਵ ਕੇਸ ਸਾਹਮਣੇ ਆਉਂਦਾ ਹੈ, ਸਿਹਤ ਟੀਮਾਂ ਮੌਕੇ 'ਤੇ ਪਹੁੰਚ ਕੇ ਜਿਥੇ ਮਰੀਜ਼ ਨੂੰ ਘਰ ਵਿਚ ਇਕਾਂਤਵਾਸ ਕਰਦੀਆਂ ਹਨ, ਉਥੇ ਉਸ ਦੇ ਕਰੀਬੀ ਸੰਪਰਕਾਂ ਦੀ ਵੀ ਜਾਂਚ ਕਰਵਾਈ ਜਾਂਦੀ ਹੈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਸੀ.ਐਚ.ਓ. ਡਾ. ਜੋਤੀ, ਏਐਨਐਮ ਰਣਜੀਤ ਕੌਰ ਆਦਿ ਵੀ ਮੌਜੂਦ ਸਨ।