ਚੰਡੀਗੜ, 04 ਅਗਸਤ 2020: ਸਕੂਲ ਸਿੱਖਿਆ ਵਿਭਾਗ ਨੇ ਆਪਣੀਆਂ ਨਵੀਂਆਂ ਤੋਂ ਨਵੀਂਆਂ ਪਹਿਲਕਦਮੀਆਂ ਨੂੰ ਅੱਗੇ ਹੋਰ ਹੋਰ ਵਧਾਉਦੇ ਬਣਾਉਦੇ ਹੋਏ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਦਰੇਸ਼ਾਂ ਅਨੁਸਾਰ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ।
ਸਕੁਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਸਿੰਗਲਾ ਦੀ ਦੇਖ-ਰੇਖ ’ਚ ਕਰਾਏ ਜਾਣ ਵਾਲੇ ਇਸ ਸਰਵੇਖਣ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਵੱਲੋਂ ‘ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਡੀ.ਪੀ.ਆਈਜ਼., ਨੋਡਲ ਅਫਸਰਾਂ, ਜ਼ਿਲਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਹੋਰਨਾਂ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਰਵੇਖਣ ’ਚ ਚਲੰਤ ਵਿਦਿਅਕ ਸ਼ੈਸ਼ਨ 2020-21 ਦੌਰਾਨ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਵਿੱਦਿਅਕ ਗੁਣਵੱਤਾ ਦੀ ਪਰਖ ਕੀਤੀ ਜਾਵੇਗੀ। ਇਸ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ’ਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ਪੰਦਰਾਂ ਦਿਨ ਬਾਅਦ ਫਿਰ ਸਰਵੇਖਣ ਸਬੰਧੀ ਪ੍ਰਸ਼ਨੋਤਰੀ (ਕੁਇਜ਼) ਹੋਵੇਗੀ। ਸਤੰਬਰ ਮਹੀਨੇ ’ਚ ਬੱਚਿਆਂ ਦਾ ਪਹਿਲਾ ਮੌਕ ਟੈਸਟ ਹੋਵੇਗਾ। ਦੂਸਰਾ ਮੌਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ‘ਚ ਨੇਪਰੇ ਚਾੜਿਆ ਜਾਵੇਗਾ। ਇਸ ਸਰਵੇਖਣ ਲਈ ਕੋਈ ਅਲੱਗ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾ ਤੋਂ ਪੜ ਰਹੇ ਵਿਸ਼ਿਆ ਦੇ ਪਾਠਕ੍ਰਮ ’ਤੇ ਅਧਾਰਤ ਹੀ ਹੋਵੇਗਾ।ਇਸ ਸਰਵੇਖਣ ਲਈ ਜਮਾਤਵਾਰ ਵਿਸ਼ਿਆ ਦੀ ਚੋਣ ਕੀਤੀ ਗਈ ਹੈ ਜਿਸ ਤਹਿਤ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ, ਛੇਵੀਂ ਤੋਂ ਦਸਵੀਂ ਤੱਕ ਦੇ 4 ਵਿਸ਼ਿਆਂ (ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ) ਅਤੇ 11 ਤੇ 12ਵੀਂ ਜਮਾਤ ਦੇ ਕੁਝ ਚੋਣਵੇਂ ਵਿਸ਼ਿਆਂ ‘ਤੇ ਆਧਾਰਤ ਇਹ ਸਰਵੇ ਕਰਵਾਇਆ ਜਾਵੇਗਾ।
ਇਸ ਸਰਵੇ ਦੀ ਸਫਲਤਾ ਲਈ ਸਬੰਧਤ ਜਿਲਿਆਂ ਦੇ ਨੋਡਲ ਅਫਸਰ, ਜਿਲਾ ਸਿੱਖਿਆ ਅਫਸਰ, ਬਲਾਕ ਸਿੱਖਿਆ ਅਫਸਰ, ਸਿੱਖਿਆ ਸੁਧਾਰ ਟੀਮਾਂ, ਜਿਲਾ ਤੇ ਬਲਾਕ ਮੈਂਟਰ, ਪੜੋ ਪੰਜਾਬ ਪੜਾਓ ਪੰਜਾਬ ਟੀਮ, ਸਕੂਲ ਮੁਖੀ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਤਿਆਰੀ ਕਰਵਾੳਣ ਤੇ ਉਤਸ਼ਾਹਿਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸਰਵੇਖਣ ਸਬੰਧੀ ਸਾਰੇ ਜਿਲਿਆਂ ਦੇ ਜਿਲਾ ਤੇ ਬਲਾਕ ਮੈਂਟਰ, ਅਧਿਆਪਕਾਂ ਨੂੰ ਸਿਖਲਾਈ ਦੇਣਗੇ ਅਤੇ ਅਧਿਆਪਕ ਦੁਆਰਾ ਅੱਗੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨਗੇ। ਸਰਵੇਖਣ ਦੀ ਤਿਆਰੀ ਲਈ ਨਮੂਨੇ ਵਜੋਂ ਪ੍ਰਸ਼ਨੋਤਰੀ ਸਬੰਧੀ ਸਹਾਇਕ ਸਮੱਗਰੀ ਵਿਭਾਗ ਵੱਲੋਂ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਤੇ ਮਾਪਿਆਂ ਨੂੰ ਇਸ ਸਰਵੇਖਣ ਸਬੰਧੀ ਵੱਖ-ਵੱਖ ਸਾਧਨਾਂ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਸਰਵੇਖਣ ਦਾ ਮੁੱਖ ਮੰਤਵ ਵਿਭਾਗ ਵੱਲੋਂ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹਰ ਪੱਖੋਂ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰ ਕਰਨਾ ਹੈ।