ਚੰਡੀਗੜ, 4 ਅਗਸਤ 2020: 5 ਸਾਲਾਂ ਤੋਂ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਕੋਲ ਸੁਣਵਾਈ ਅਧੀਨ ਮਾਮਲੇ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਆਖਿਰ ਆਪਣੀ ਗਲਤੀ ਮੰਨਦੇ ਹੋਏ ਸ਼੍ਰੀ ਅਕਸ਼ੇ ਕੁਮਾਰ ਜਲੋਵਾ ਨੂੰ ਤਰੱਕੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤਜਿੰਦਰ ਕੌਰ (ਸੇਵਾਮੁਕਤ ਆਈ.ਏ.ਐਸ.) ਨੇ ਦੱਸਿਆ ਕਿ ਸ਼ਿਕਾਇਤਕਰਤਾ ਸੀਨੀਅਰ ਲੈਕਚਰਾਰ ਈ.ਸੀ.ਈ. ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ, ਜਲੰਧਰ ਸ਼੍ਰੀ ਅਕਸ਼ੇ ਕੁਮਾਰ ਜਲੋਵਾ ਨੇ ਕਮਿਸ਼ਨ ਨੂੰ ਸ਼ਿਕਾਇਤ ਕਰਦਿਆਂ ਮੰਗ ਕੀਤੀ ਸੀ ਕਿ ਵਿਭਾਗ ਵੱਲੋਂ ਉਸ ਨੂੰ ਬਣਦੀ ਤਰੱਕੀ ਨਹੀਂ ਦਿੱਤੀ ਗਈ ਅਤੇ ਉਸਦੀ ਤਰੱਕੀ ਕਰਵਾਈ ਜਾਵੇ।
ਚੇਅਰਪਰਸਨ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ 'ਪੰਜਾਬ ਸਟੇਟ ਕਮਿਸ਼ਨ ਐਕਟ 2004' ਦੀ ਧਾਰਾ 10 (2) ਅਧੀਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਕੱਤਰ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੂੰ ਪੜਤਾਲ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ। ਜਿਸ 'ਤੇ ਵਿਭਾਗ ਵੱਲੋਂ ਵੱਖ-ਵੱਖ ਤਰੀਕਾਂ 'ਤੇ ਕਮਿਸ਼ਨ ਕੋਲ ਆਪਣਾ ਪੱਖ ਰੱਖਿਆ ਗਿਆ ਅਤੇ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਕਿ ਸ਼੍ਰੀ ਅਕਸ਼ੇ ਕੁਮਾਰ ਜਲੋਵਾ ਦੀ ਪਦਉਨਤੀ ਨਿਯਮਾਂ ਅਨੁਸਾਰ ਨਹੀਂ ਬਣਦੀ। ਇਸ 'ਤੇ ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਕਮਿਸ਼ਨ ਖੁਦ ਆਪਣੇ ਪੱਧਰ 'ਤੇ ਇਸ ਸ਼ਿਕਾਇਤ ਦੀ ਪੜਤਾਲ ਕਰੇ।
ਉਨ•ਾਂ ਦੱਸਿਆ ਕਿ ਇਸ ਉਪਰੰਤ ਸ਼ਿਕਾਇਤ ਦੀ ਪੜਤਾਲ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭਦਿਆਲ ਨੂੰ ਸੌਂਪੀ ਗਈ, ਜਿਨ•ਾਂ ਸ਼ਿਕਾਇਤਕਰਤਾ ਵੱਲੋਂ ਪੇਸ਼ ਤੱਥ, ਸਰਕਾਰ ਵੱਲੋਂ ਸਮੇਂ-ਸਮੇਂ ਕੀਤੀਆਂ ਹਦਾਇਤਾਂ ਤੇ ਨਿਯਮਾਂ ਨੂੰ ਵਿਚਾਰਣ ਅਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਨੂੰ ਘੋਖਣ ਉਪਰੰਤ ਮੈਂਬਰਾਂ ਨੇ ਆਪਣੀ ਰਿਪੋਰਟ 16-8-17 ਨੂੰ ਪੇਸ਼ ਕੀਤੀ, ਜਿਸ ਵਿੱਚ ਉਨ•ਾਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਜਾਇਜ਼ ਮੰਨਦੇ ਹੋਏ ਉਸ ਦੀ ਪਦਉਨਤੀ ਕਰਨ ਦੀ ਸਿਫਾਰਿਸ਼ ਕੀਤੀ। ਜਿਸ 'ਤੇ ਕਮਿਸ਼ਨ ਵੱਲੋਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕਮਿਸ਼ਨ ਦੀ ਰਿਪੋਰਟ ਮੁਤਾਬਕ ਬਣਦੀ ਕਾਰਵਾਈ ਕਰਦੇ ਹੋਏ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ ਪਰ ਵਿਭਾਗ ਵੱਲੋਂ ਤਿੰਨ ਸਾਲ ਆਨਾ-ਬਹਾਨਾ ਕਰਦੇ ਬਤੀਤ ਕਰ ਦਿੱਤੇ ਗਏ। ਇਸ 'ਤੇ ਉਨ•ਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕਮਿਸ਼ਨ ਦੀ ਰਿਪੋਰਟ 'ਤੇ ਪੈਰਾਵਾਈਜ਼ ਸਪਸ਼ਟੀਕਰਨ ਦਿੰਦੇ ਹੋਏ ਹਲਫੀਆ ਬਿਆਨ ਪੇਸ਼ ਕਰਨ ਲਈ ਲਿਖਿਆ, ਜਿਸ ਸਬੰਧੀ ਵਿਭਾਗ ਵੱਲੋਂ ਮਿਤੀ 13-7-2020 ਨੂੰ ਐਫੀਡੇਵਿਟ ਪੇਸ਼ ਕਰ ਕੇ ਲਿਖਿਆ ਗਿਆ ਕਿ ਵਿਭਾਗ ਵੱਲੋਂ ਡੀ.ਪੀ.ਸੀ. ਦੀ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਇਸ ਕੇਸ ਨੂੰ ਵਿਚਾਰ ਕੇ ਹੱਲ ਕੱਢਿਆ ਜਾਵੇਗਾ। ਇਸ ਉਪਰੰਤ ਵਿਭਾਗ ਵੱਲੋਂ ਆਪਣੇ ਪੱਤਰ ਮਿਤੀ 29-7-2020 ਰਾਹੀਂ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਕਿ ਸ਼੍ਰੀ ਅਕਸ਼ੇ ਕੁਮਾਰ ਜਲੋਵਾ ਨੂੰ ਬਤੌਰ ਮੁਖੀ ਵਿਭਾਗ ਪਦਉਨਤ ਕਰ ਦਿੱਤਾ ਗਿਆ ਹੈ।