ਅੰਮ੍ਰਿਤਸਰ 04 ਅਗਸਤ 2020: ਨਿਹੰਗ ਸਿੰਘ ਜਥੇਬੰਦੀ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਵੇਲੇ ਅਤੇ ਲੰਗਰ ਵਿੱਚ ਜਾਤੀ ਦੇ ਆਧਾਰ ਤੇ ਵਿਤਕਰਾ ਕਰਨ ਸਬੰਧੀ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਦਿੱਤੀ ਸ਼ਿਕਾਇਤ ਦੀ ਘੋਖ ਕਰਨ ਉਪਰੰਤ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਰਿਪੋਰਟ ਜਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਮਿਸਲ ਦੇ ਮੁੱਖੀ ਬਾਬਾ ਚੜ੍ਹਤ ਸਿੰਘ ਅਤੇ ਮੀਤ ਜਥੇਦਾਰ ਰਾਜਾ ਰਾਜ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਅਤੇ ਤਰਨਾ ਦਲ ਬਾਬਾ ਬਕਾਲਾ ਵਲੋਂ ਅੰਮ੍ਰਿਤ ਛਕਾਉਣ ਵੇਲੇ ਜੱਟ ਸਿੱਖਾਂ ਅਤੇ ਮਜ਼੍ਹਬੀ ਸਿੱਖਾਂ ਲਈ ਦੋ ਵੱਖਰੇ ਵੱਖਰੇ ਅੰਮ੍ਰਿਤ ਦੇ ਬਾਟੇ ਤਿਆਰ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਲੰਗਰ ਦੇ ਵਿੱਚ ਵੀ ਜਾਤ ਪਾਤ ਦਾ ਬੋਲ ਬਾਲਾ ਹੈ। ਇਨ੍ਹਾਂ ਦੋਸ਼ਾਂ ਦੀ ਘੋਖ ਕਰਨ ਲਈ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਵਾਲੇ ਪੰਜ ਸਿੰਘਾਂ ਦੀ ਪੜਤਾਲੀਆ ਕਮੇਟੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਥਾਪਿਤ ਕੀਤੀ ਗਈ ਸੀ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਜਥੇਦਾਰ ਬਖਸ਼ੀਸ਼ ਸਿੰਘ ਮੁਖੀ ਅਖੰਡ ਕੀਰਤਨੀ ਜਥਾ, ਭਾਈ ਪਾਲ ਸਿੰਘ ਫਰਾਂਸ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਤਰਲੋਕ ਸਿੰਘ (ਪੰਜਾ ਸਿੰਘਾਂ ਚੋਂ) ਸ਼ਾਮਲ ਸਨ। ਪੜਤਾਲੀਆ ਕਮੇਟੀ ਨੇ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਸੁਹਿਰਦ ਤੇ ਨਿਰਪੱਖ ਯਤਨ ਆਰੰਭੇ ਜਿਸ ਦੇ ਤਹਿਤ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਜੀ ਨੂੰ ਉਨ੍ਹਾਂ ਦੇ ਨਿੱਜੀ ਸਹਾਇਕ ਦੇ ਰਾਹੀਂ ਸਮਾਂ ਲੈਣ ਲਈ ਫੋਨ ਤੇ ਅਨੇਕਾਂ ਯਤਨ ਕੀਤੇ ਪਰ ਜਦ ਉਹ ਯਤਨ ਕਾਮਯਾਬ ਨਾ ਹੋਏ ਤਾਂ ਪਟਿਆਲਾ ਨਿਵਾਸੀ ਬਾਪੂ ਗੁਰਚਰਨ ਸਿੰਘ ਆਪਣੇ ਸਾਥੀਆਂ ਨਾਲ ਬੁੱਢਾ ਦਲ ਦੇ ਹੈੱਡਕੁਆਰਟਰ ਪਟਿਆਲਾ ਵਿਖੇ ਲਿਖਤੀ ਚਿੱਠੀ ਲੈ ਕੇ ਬੇਨਤੀ ਕਰਨ ਲਈ ਗਏ। ਉਥੇ ਮੌਜੂਦ ਸਿੰਘਾਂ ਨੇ ਚਿੱਠੀ ਲੈਣ ਤੋਂ ਇਨਕਾਰ ਕਰ ਦਿੱਤਾ। ਮਸਲੇ ਪ੍ਰਤੀ ਬੇਰੁਖ਼ੀ ਤੇ ਹੱਠੀ ਰਵੀਈਏ ਕਾਰਨ ਹਰ ਹੀਲਾ ਵਰਤਣ ਦੇ ਬਾਵਜੂਦ ਵੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨਾਲ ਸਿੱਖ ਰਹਿਤ ਮਰਿਆਦਾ ਦੇ ਹੋ ਰਹੇ ਵਿਤਕਰੇ ਨੂੰ ਸੁਲਝਾਉਣ ਲਈ ਕੋਈ ਮੀਟਿੰਗ ਸੰਭਵ ਨਹੀਂ ਹੋ ਸਕੀ। ਦੂਜੇ ਪਾਸੇ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ ਨੂੰ ਸੰਪਰਕ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਨੇ ਖੁੱਲ੍ਹ ਦਿਲੀ ਨਾਲ ਪੜਤਾਲੀਆ ਕਮੇਟੀ ਦੇ ਪੰਜ ਸਿੰਘਾਂ ਅਤੇ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ, ਪ੍ਰੋਫੈਸਰ ਬਲਜਿੰਦਰ ਸਿੰਘ, ਰਾਜਨਦੀਪ ਸਿੰਘ ਦਮਦਮੀ ਟਕਸਾਲ, ਮਹਾਂਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਸੁਖਵਿੰਦਰ ਸਿੰਘ ਅਖੰਡ ਕੀਰਤਨੀ ਜਥਾ ਆਦਿ ਨੂੰ ਜੀ ਆਇਆਂ ਕਿਹਾ। ਸਾਰੇ ਮਸਲੇ ਨੂੰ ਸੁਣਨ ਬਾਅਦ ਬਾਬਾ ਗੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਡੇਰੇ ਵਿੱਚ ਅੰਮ੍ਰਿਤ ਤਿਆਰ ਕਰਨ ਵਾਸਤੇ ਦੋ ਵੱਖਰੇ ਵੱਖਰੇ ਬਾਟੇ ਤਿਆਰ ਨਹੀਂ ਕੀਤੇ ਜਾਂਦੇ ਬਲਕਿ ਜਾਤ ਪਾਤ ਦਾ ਵਿਤਕਰਾ ਕੀਤੇ ਬਿਨਾਂ ਇੱਕ ਬਾਟੇ ਵਿੱਚ ਹੀ ਮਰਿਆਦਾ ਅਨੁਸਾਰ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਅਤੇ ਛਕਾਉਣ ਵੇਲੇ ਇੱਕ ਪੰਗਤ ਵਿੱਚ ਹੀ ਅੰਮ੍ਰਿਤ ਬੁੱਕਾਂ ਵਿੱਚ ਛਕਾਇਆ ਜਾਂਦਾ ਹੈ। ਗੁਰੂ ਕਾ ਲੰਗਰ ਵੀ ਬਿਨਾਂ ਕਿਸੇ ਜਾਤ ਪਾਤ ਦੇ ਵਿਤਕਰੇ ਦੇ ਇੱਕ ਪੰਗਤ ਵਿੱਚ ਹੀ ਵਰਤਾਇਆ ਜਾਂਦਾ ਹੈ ਅਤੇ ਲੰਗਰ ਬਣਾਉਣ ਤੇ ਵਰਤਾਉਣ ਲਈ ਰਹਿਤ ਮਰਿਆਦਾ ਵਿੱਚ ਦ੍ਰਿੜ ਗੁਰਸਿੱਖਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਬਾਬਾ ਗੱਜਣ ਸਿੰਘ ਨੇ ਪੜਤਾਲੀਆ ਕਮੇਟੀ ਅੱਗੇ ਪੂਰੀ ਨਿਮਰਤਾ ਨਾਲ ਦਾਅਵਾ ਕੀਤਾ ਕਿ ਕਿਸੇ ਵੇਲੇ ਵੀ ਇਹ ਵੇਖਿਆ ਜਾ ਸਕਦਾ ਹੈ ਕਿ ਲੰਗਰ ਦੀ ਇੱਕ ਹੀ ਪੰਗਤ ਲੱਗਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਡੇਰੇ ਤੇ ਚੱਲ ਰਹੀ ਮਰਿਆਦਾ ਵੱਡੇ ਵਡੇਰਿਆਂ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿਸਨੂੰ ਬਦਲਨਾ ਬਹੁਤ ਮੁਸ਼ਕਲ ਹੈ ।ਪੜਤਾਲੀਆ ਕਮੇਟੀ ਦੇ ਪੰਜ ਸਿੰਘਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਹੁਲ ਛਕਾ ਕੇ ਖ਼ਾਲਸੇ ਨੂੰ ਜਾਤੀ ਬੰਧਨ ਤੋਂ ਮੁਕਤ ਕੀਤਾ ਸੀ। ਪਰ ਦੁਖਾਂਤ ਇਸ ਗੱਲ ਦਾ ਹੈ ਕਿ ਪੰਥ ਵਿੱਚ ਵਿਚਰ ਰਹੀਆਂ ਸੰਪ੍ਰਦਾਵਾਂ, ਟਕਸਾਲਾਂ,
ਡੇਰਿਆਂ, ਜੱਥਿਆਂ ਅਦਿ ਵਿੱਚ ਵੱਖ ਵੱਖ ਰਹਿਤ ਮਰਿਆਦਾ ਲਾਗੂ ਹਨ। ਜਿਸ ਵਿੱਚ ਇੱਕਸਾਰਤਾ ਲਿਆਉਣੀ ਬਹੁਤ ਜ਼ਰੂਰੀ ਹੈ। ਪੰਜਾਂ ਸਿੰਘਾ ਦਾ ਵਿਚਾਰ ਸੀ ਜਿੱਥੇ ਕਿਧਰੇ ਜਾਤੀ ਦੇ ਆਧਾਰ ਤੇ ਵਿਤਕਰਾ ਹੁੰਦਾ ਹੈ ਉੱਥੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਖੰਡੇ ਬਾਟੇ ਦੀ ਪਹੁਲ ਲੈਣ ਵਿੱਚ ਤਰਜੀਹ ਦੇਣ। ਉਨ੍ਹਾਂ ਖਾਲਸਾ ਪੰਥ ਨੂੰ ਰੰਗਰੇਟੇ ਗੁਰੂ ਕੇ ਬੇਟੇ ਦੀ ਵਿਸ਼ਾਲਤਾ ਤੇ ਮਹਾਨਤਾ ਨੂੰ ਅੱਖੋਂ-ਪਰੋਖੋਂ ਨਾਂ ਕਰਨ ਲਈ ਪੁਰ-ਜ਼ੋਰ ਅਪੀਲ ਕੀਤੀ।