← ਪਿਛੇ ਪਰਤੋ
ਨਵਾਂਸ਼ਹਿਰ 05 ਅਗਸਤ 2020: ਅੱਜ ਸੂਬਾ ਕਮੇਟੀ ਦੇ ਸੱਦੇ ਤੇ ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਵਿਰੋਧ ਵਿਚ ਨਵਾਂਸ਼ਹਿਰ ਵਿਖੇ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਅਤੇ ਜਿਲਾ ਸਕੱਤਰ ਜਸਬੀਰ ਦੀਪ ਨੇ ਆਖਿਆ ਕਿ ਮੋਦੀ ਸਰਕਾਰ ਨੇ ਇਕ ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਅਤੇ ਦੋ ਹਿੱਸਿਆਂ ਵਿਚ ਵੰਡ ਕੇ ਸੰਵਿਧਾਨਕ ਕਦਰਾਂ ਕੀਮਤਾਂ ਅਤੇ ਅੰਤਰਰਾਸ਼ਟਰੀ ਨਿਯਮਾਂ ਦਾ ਘਾਣ ਕੀਤਾ ।ਕਸ਼ਮੀਰੀਆਂ ਉੱਤੇ ਜਬਰ ਜੁਲਮ ਦਾ ਸਿਲਸਿਲਾ ਅੱਜ ਵੀ ਜਾਰੀ ਹੈ ।ਕਸ਼ਮੀਰ ਦੇ ਰਾਜਸੀ ਨੇਤਾਵਾਂ ਦੀ ਨਜ਼ਰਬੰਦੀ ਜਾਰੀ ਹੈ ।ਇਸ ਤਰ੍ਹਾਂ ਮੋਦੀ ਸਰਕਾਰ ਆਪਣੇ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ ।ਉਹਨਾਂ ਕਿਹਾ ਕਿ ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਨੂੰ ਭੀਮਾ ਕੋਰੇਗਾਓਂ ਅਤੇ ਗੜ੍ਹਚਿੜੌਲੀ ਦੇ ਝੂਠੇ ਕੇਸਾਂ ਵਿਚ ਯੂ ਏ ਪੀ ਏ ਜਿਹੇ ਕਾਲੇ ਕਾਨੂੰਨਾਂ ਵਿਚ ਉਲਝਾ ਕੇ ਜਿਹਲਾਂ ਵਿਚ ਸੁੱਟਿਆ ਹੋਇਆ ਹੈ । ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰੋਨਾ ਦੇ ਨਾਂਅ ਹੇਠ ਰਾਜਨੀਤਕ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਇਕੱਠਾਂ ਉੱਤੇ ਪਾਬੰਦੀਆਂ ਲਾਕੇ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ।ਰਾਜਸੀ ਨੇਤਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਉੱਤੇ ਪੁਲਸ ਕੇਸ ਮੜ੍ਹੇ ਜਾ ਰਹੇ ਹਨ ।ਜਨਤਕ ਅਦਾਰਿਆਂ ਨੂੰ ਕਾਰਪੋਰੇਟਾਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ।ਕਿਰਤ ਕਾਨੂੰਨਾਂ ਦਾ ਖਾਤਮਾਂ ਕਰਕੇ ਕਿਰਤੀ ਜਮਾਤ ਉੱਤੇ ਬਹੁਤਰਫੀ ਅਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ ।ਕੇਂਦਰ ਸਰਕਾਰ ਵਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾ ਰਾਹੀਂ ਕਿਸਾਨੀ ਦੇ ਖਾਤਮੇ ਦਾ ਰਾਹ ਫੜ ਲਿਆ ਗਿਆ ਹੈ ।ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਰਕਾਰੀ ਇਹਨਾਂ ਸਰਕਾਰੀ ਨੀਤੀਆਂ ਦੇ ਖਿਲਾਫ਼ ਤਿੱਖੇ ਸੰਘਰਸ਼ਾਂ ਦਾ ਰਾਹ ਫੜ ਲਿਆ ਹੈ ਜਿਹਨਾਂ ਨੂੰ ਜਬਰ ਦੇ ਸਹਾਰੇ ਰੋਕਿਆ ਨਹੀਂ ਜਾ ਸਕਦਾ ।
Total Responses : 265