ਨਗਰ ਕੌਂਸਲ ਫ਼ਰੀਦਕੋਟ ਵੱਲੋਂ ਹੁਣ ਤੱਕ 286 ਆੱਨਲਾਈਨ ਨਕਸ਼ੇ ਪਾਸ ਕੀਤੇ ਗਏ
ਪਲਾਟ ਦੀ ਰੈਗੂਲਰਾਈਜੇਸ਼ਨ ਸਬੰਧੀ ਐਨ.ਓ.ਸੀ, ਸੀ.ਐਲ.ਯੂ,ਜੋਨਿੰਗ ਪਲੈਨ, ਲੇ-ਆਊਟ ਪਲੈਨ,ਟੈਲੀਕਮਿਊਨਕੇਸ਼ਨ ਟਾਵਰ ਅਤੇ ਹੋਰ ਸੇਵਾਵਾਂ ਆੱਨਲਾਈਨ ਉਪਲੱਬਧ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 05 ਅਗਸਤ 2020: ਪੰਜਾਬ ਸਰਕਾਰ ਰਾਜ ਦੇ ਲੋਕਾਂ ਦੇ ਸਮੇਂ,ਪੈਸੇ ਅਤੇ ਸਰਕਾਰੀ ਦਫ਼ਤਰਾਂ ਵਿਚ ਵਾਰ-ਵਾਰ ਕੰਮ ਲਈ ਜਾਣ ਤੋਂ ਛੁਟਕਾਰਾ ਦਿਵਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਈ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਹਨਾਂ ਸੁਵਿਧਾਵਾਂ ਦਾ ਲਾਭ ਦੇਣ ਲਈ ਸਾਰਾ ਕੰਮ ਈ ਪੋਰਟਲ ਤੇ ਕੀਤੇ ਜਾਣ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਮੰਤਵ ਨੂੰ ਧਿਆਨ ਵਿਚ ਰੱਖਦਿਆਂ ਹੁਣ ਮਕਾਨ ਦੇ ਨਕਸ਼ੇ,ਪਲਾਟ ਦੀ ਰੈਗੂਲਰਾਈਜੇਸ਼ਨ ਆਦਿ ਕੰਮਾਂ ਲਈ ਲੋਕਾਂ ਨੂੰ ਨਗਰ ਕੌਂਸਲ ਦੇ ਦਫ਼ਤਰ ਵਿਖੇ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਸਿਰਫ਼ ਰਜਿਸਟਰਡ ਆਰਕੀਟੈਕਟ ਰਾਹੀਂ ਇੰਨ੍ਹਾਂ ਕੰਮਾਂ ਲਈ ਆੱਨਲਾਈਨ ਅਪਲਾਈ ਕਰਨਾ ਪਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਨੇ ਦਿੱਤੀ।
ਉਹਨਾਂ ਦੱਸਿਆ ਕਿ ਭਾਵੇਂ ਇਹ ਆੱਨਲਾਈਨ ਅਪਲਾਈ ਕਰਨ ਦੀ ਸਕੀਮ ਪਹਿਲਾਂ ਤੋਂ ਚੱਲ ਰਹੀ ਹੈ, ਪਰ ਇਸ ਨੂੰ ਹੁਣ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਆੱਫ਼ਲਾਈਨ ਕੋਈ ਵੀ ਡਾਕੂਮੈਂਟ ਪ੍ਰਾਪਤ ਨਹੀਂ ਕੀਤਾ ਜਾਵੇਗਾ। ਜਿਸ ਨਾਲ ਕੰਮ ਮਿਥੇ ਸਮੇਂ ਅੰਦਰ ਹੋਵੇਗਾ ਅਤੇ ਪ੍ਰਾਰਥੀ ਨੂੰ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਸ ਨਾਲ ਉਨ੍ਹਾਂ ਦੇ ਸਮੇਂ ਦੀ ਭਾਰੀ ਬੱਚਤ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਜਦੋਂ ਤੋਂ ਆੱਨਲਾਈਨ ਨਕਸ਼ੇ ਪਾਸ ਕਰਨ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ ਨਗਰ ਕੌਂਸਲ ਫ਼ਰੀਦਕੋਟ ਕੁੱਲ 286 ਨਕਸ਼ੇ ਪਾਸ ਕੀਤੇ ਗਏ ਹਨ । ਸਾਲ 2019 'ਚ 202 ਨਕਸ਼ੇ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਭਾਵੇਂ ਕੋਵਿਡ ਮਹਾਮਾਰੀ ਦਾ ਅਸਰ ਪੂਰੇ ਵਿਸ਼ਵ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਪੰਜਾਬ ਵੀ ਪ੍ਰਭਾਵਿਤ ਹੈ, ਦੌਰਾਨ ਵੀ ਨਕਸ਼ੇ ਪਾਸ ਕਰਨ ਦਾ ਕੰਮ ਨਿਰਵਿਘਣ ਜਾਰੀ ਹੈ ਅਤੇ ਸਾਲ 2020 'ਚ 84 ਨਕਸ਼ੇ ਪਾਸ ਕੀਤੇ ਗਏ ਹਨ।
ਇਸ ਮੌਕੇ ਐਮ.ਈ ਸ੍ਰੀ ਸੰਦੀਪ ਰੋਮਾਣਾ ਅਤੇ ਏ.ਐਮ.ਈ ਰਾਕੇਸ਼ ਕੰਬੋਜ਼ ਨੇ ਦੱਸਿਆ ਕਿ ਜਿਸ ਨੇ ਵੀ ਨਕਸ਼ਾ ਆਦਿ ਅਪਲਾਈ ਕਰਨਾ ਹੈ ਉਹ ਪੰਜਾਬ ਸਰਕਾਰ ਦੇ ਈ ਨਕਸ਼ਾ ਡਾੱਟ ਐਲਜੀਪੰਜਾਬ ਡਾੱਟ ਜੀਓਵੀ ਡਾੱਟਇਨ (enaksha.lgpunjab.gov.in) ਰਜਿਸਟਰਡ ਆਰਕੀਟੈਕਟ ਰਾਹੀਂ ਹੀ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਦੀ ਫੀਸ ਵੀ ਆੱਨਲਾਈਨ ਭਰੀ ਜਾਂਦੀ ਹੈ, ਅਤੇ ਸਾਫ਼ਟਵੇਅਰ ਦੁਆਰਾ ਤਕਨੀਕੀ ਪੜਤਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਗਰ ਕੋਈ ਅਬਜੈਕਸ਼ਨ ਆਦਿ ਲੱਗਦਾ ਹੈ ਤਾਂ ਉਹ ਵੀ ਅੱਾਨਲਾਈਨ ਦੂਰ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰਾਰਥੀ ਡਿਜੀਟਲ ਦਸਤਖਤ ਵਾਲਾ ਪ੍ਰਿੰਟ ਵੀ ਉਥੋਂ ਲੈ ਸਕਦਾ ਹੈ। ਉਸ ਨੂੰ ਦਫ਼ਤਰ ਆਉਣ ਦੀ ਜਰੂਰਤ ਨਹੀਂ। ਸ੍ਰੀ ਰਾਕੇਸ਼ ਕੰਬੋਜ਼ ਨੇ ਕਿਹਾ ਕਿ ਹੁਣ ਈ ਪੋਰਟਲ ਰਾਹੀਂ ਹੋਣ ਵਾਲੇ ਕੰਮਾਂ ਵਿਚ ਹੋਰ ਵਾਧਾ ਕੀਤਾ ਗਿਆ ਹੈ ਜਿਵੇਂ ਕਿ ਪਲਾਟ ਦੀ ਰੈਗੂਲਰਾਈਜੇਸ਼ਨ ਸਬੰਧੀ ਐਨ.ਓ.ਸੀ, ਸੀ.ਐਲ.ਯੂ,ਜੋਨਿੰਗ ਪਲੈਨ, ਲੇ-ਆਊਟ ਪਲੈਨ,ਟੈਲੀਕਮਿਊਨਕੇਸ਼ਨ ਟਾਵਰ ਆਦਿ ਬਹੁਤ ਸਾਰੀਆਂ ਸੁਵਿਧਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।