ਫਿਰੋਜ਼ਪੁਰ 5 ਅਗਸਤ 2020 : ਫਿਰੋਜ਼ਪੁਰ ਦੇ ਪਿੰਡ ਹੱਡੀ ਵਾਲਾ ਵਿਖੇ ਆਪਸੀ ਝਗੜੇ ਨੂੰ ਲੈ ਕੇ ਸਹੁਰੇ, ਸਾਲੇ ਅਤੇ ਜਵਾਈ ਵੱਲੋਂ ਆਪਸ ਵਿਚ ਕੀਤੇ ਫਾਇਰ ਕਰਨ ਦੀ ਖਬਰ ਮਿਲੀ ਹੈ। ਇਸ ਘਟਨਾ ਵਿਚ ਇਕ ਵਿਅਕਤੀ ਜ਼ਖਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਸ਼੍ਰੀ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਕੁਟੀ ਚੋਂਕ ਗੁਰੂਹਰਸਹਾਏ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜਵਿੰਦਰ ਸਿੰਘ ਆਪਣੀ ਪਤਨੀ ਤੇ ਮਾਤਾ ਦਰਸ਼ਨ ਕੌਰ ਨਾਲ ਰੱਖੜੀਆਂ ਬੰਨ੍ਹਣ ਲਈ ਆਪਣੇ ਸਹੁਰੇ ਪਿੰਡ ਹੱਡੀ ਵਾਲੇ ਆਇਆ ਹੋਇਆ ਸੀ ਜਿਥੇ ਉਸ ਦੇ ਸਹੁਰੇ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਸਾਲੇ ਨਿਸ਼ਾਨ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਜਿਨ੍ਹਾਂ ਦਾ ਰਾਜਵਿੰਦਰ ਸਿੰਘ ਨਾਲ ਝਗੜਾ ਹੋ ਗਿਆ। ਇਸ ਦੌਰਾਨ ਉਨ੍ਹਾਂ ਨੇ ਇਕ ਦੂਜੇ ਤੇ ਫਾਇਰ ਕੀਤੇ ਹਨ। ਜਿਸ ਨਾਲ ਰਾਜਵਿੰਦਰ ਸਿੰਘ ਜ਼ਖਮੀਂ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਪ੍ਰਤਾਪ ਸਿੰਘ, ਨਿਸ਼ਾਨ ਸਿੰਘ ਅਤੇ ਰਾਜਵਿੰਦਰ ਸਿੰਘ ਖਿਲਾਫ 307, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।