ਇੱਕ ਹੋਰ ਕੇਸ 'ਚ ਮੋਹਾਲੀ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ ਤੇ
ਚੰਡੀਗੜ੍ਹ ਪੁਲਿਸ ਨੇ ਵੀ ਮੰਗੀ ਸੀ ਬਾਜਵਾ ਦੀ ਕਸਟਡੀ
ਸੰਨੀ ਐਨਕਲੇਵ ਦੇ ਮਾਲਕ ਨੇ 3 ਕਰੋੜ ਰੁਪਏ ਵਾਪਸ ਕੀਤੇ ਫੇਰ ਵੀ 13 ਤੱਕ ਰਹਿਣਗੇ ਹਿਰਾਸਤ 'ਚ
ਰਵੀ ਜੱਖੂ
ਚੰਡੀਗੜ੍ਹ , 5 ਅਗਸਤ , 2020 : ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਨਾਮਵਰ ਬਿਲਡਰ ਅਤੇ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਸਟੇਟ ਕੰਜ਼ਿਊਮਰ ਕਮਿਸ਼ਨ ਰਾਹੀਂ 3 ਕਰੋੜ ਰੁਪਏ ਦੇ ਕਰੀਬ ਰਾਸ਼ੀ ਉਨ੍ਹਾਂ ਲੋਕਾਂ ਨੂੰ ਦਿੱਤੀ ਜਿਨ੍ਹਾਂ ਨੇ ਵਸੂਲੀ ਲਈ ਕਮਿਸ਼ਨ ਕੋਲ ਕੇਸ ਪਾਏ ਹੋਏ ਸਨ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਜਿਨ੍ਹਾਂ ਗਾਹਕਾਂ ਦੇ 10 ਲੱਖ ਰੁਪਏ ਤੱਕ ਬਾਜਵਾ ਨੇ ਦੇਣੇ ਸਨ ਉਨ੍ਹਾਂ ਨੂੰ ਪੂਰੀ-ਪੂਰੀ ਰਾਸ਼ੀ ਡਰਾਫ਼ਟ ਦੇ ਰੂਪ ਵਿਚ ਦਿੱਤੀ ਪਰ ਜਿਨ੍ਹਾਂ ਦੇ ਵੱਧ ਸਨ ਉਨ੍ਹਾਂ ਦੀ ਅੱਧੀ ਅੱਧੀ ਰਕਮ ਵਾਪਸ ਕੀਤੀ ਗਈ ਪਰ ਅਜੇ ਕੁਝ ਕੇਸਾਂ ਦੀ ਅਦਾਇਗੀ ਬਕਾਇਆ ਹੈ . ਕੁਲ ਕੇਸ 60 ਤੋਂ ਵੱਧ ਹਨ ਜਿਨ੍ਹਾਂ ਵਿਚ ਕਮਿਸ਼ਨ ਨੇ ਬਾਜਵਾ ਨੂੰ ਪੈਸੇ ਵਾਪਸ ਕਰਨ ਦੇ ਹੁਕਮ ਦਿੱਤੇ ਸਨ .
ਫਿਰ ਵੀ ਜਰਨਲ ਸਿੰਘ ਬਾਜਵਾ 13 ਅਗਸਤ ਤੱਕ ਪੁਲਿਸ ਹਿਰਾਸਤ ਵਿਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੀ ਅਜੇ ਤੱਕ ਜ਼ਮਾਨਤ ਨਹੀਂ ਹੋਈ .
ਵੀਡਿਓ ਵੀ ਦੇਖੋ
ਅੱਜ ਕਈ ਘੰਟੇ ਕੰਜ਼ਿਊਮਰ ਕਮਿਸ਼ਨ 'ਚ ਜਾਰੀ ਰਹੀ ਕਾਰਵਾਈ ਦੌਰਾਨ ਖਰੜ ਥਾਣੇ ਬਾਜਵਾ ਦੇ ਖ਼ਿਲਾਫ਼ ਦਰਜ ਇੱਕ ਕੇਸ ਦੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ਤੇ ਲੈ ਲਿਆ . ਹੁਣ ਉਸਨੂੰ ਕੱਲ੍ਹ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ .
ਅੱਜ ਦੀ ਸੁਣਵਾਈ ਚੰਡੀਗੜ੍ਹ ਪੁਲਿਸ ਦੀ ਇੱਕ ਟੀਮ ਨੇ ਵੀ ਆ ਮੰਗ ਕੀਤੀ ਕਿ ਇਸ ਨੂੰ ਇੱਕ ਪੁਰਾਣੇ ਕੇਸ ਵਿਚ ਬਾਜਵਾ ਦੀ ਲੋੜ ਹੈ ਪਰ ਇਸ ਤੋਂ ਪਹਿਲਾਂ ਹੀ ਮੁਹਾਲੀ ਪੁਲਿਸ ਨੂੰ ਕਸਟਡੀ ਦਿੱਤੀ ਜਾ ਚੁੱਕੀ ਸੀ . ਹੁਣ ਮੁਹਾਲੀ ਪੁਲਿਸ ਦੀ ਕਰਵਾ ਆਈ ਪੂਰੀ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਬਾਜਵਾ ਨੂੰ ਲਿਜਾ ਸਕੇਗੀ .
ਚੇਤੇ ਰਹੇ ਕਿ ਕਮਿਸ਼ਨ ਦੇ ਸਖ਼ਤ ਹੁਕਮਾਂ ਡੀ ਤਾਮੀਲ ਕਰਦੇ ਹੋਏ ਹੀ ਮੁਹਾਲੀ ਪੁਲਿਸ ਨੇ ਕੱਲ੍ਹ ਬਾਜਵਾ ਨੂੰ ਗ੍ਰਿਫ਼ਤਾਰ ਕੀਤਾ ਸੀ .