ਯੋਜਨਾ ਦਾ ਉਦੇਸ਼ ਸਾਰੇ ਨੋਟੀਫਾਈ ਕੀਤੇ ਫਲਾਂ ਤੇ ਸਬਜ਼ੀਆਂ ਦੀ ਮੰਦੇ ਭਾਅ ਵਿਕਰੀ ਰੋਕਣਾ ਜਿਸ ਲਈ ਛੇ ਮਹੀਨੇ ਵਾਸਤੇ ਕੀਮਤਾਂ ਸਥਿਰ ਕਰਨ ਦੇ ਉਪਰਾਲੇ ਕੀਤੇ ਗਏ : ਹਰਸਿਮਰਤ ਕੌਰ ਬਾਦਲ
ਬਠਿੰਡਾ, 06 ਅਗਸਤ 2020: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਅਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ।
ਆਤਮ ਨਿਰਭਰ ਅਭਿਆਨ ਦੇ ਹਿੱਸੇ ਵੱਜੋਂ ਭਾਰਤ ਸਰਕਾਰ ਨੇ ਨਵੀਂ ਪਹਿਲਕਦਮੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਫਲ ਤੇ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਮੰਦੇ ਭਾਅ ਜਿਣਸ ਦੀ ਵਿਕਰੀ ਰੋਕਣ ਵਾਸਤੇ ਕੇਂਦਰੀ ਖੇਤਰ ਦੀ ਯੋਜਨਾ 'ਅਪਰੇਸ਼ਨ ਗ੍ਰੀਨਜ਼' ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਟਮਾਟਰ, ਪਿਆਜ਼ ਤੇ ਆਲੂ (ਟੀ ਓ ਪੀ) ਤੋਂ ਵਧਾ ਕੇ ਸਾਰੀਆਂ ਨੋਟੀਫਾਈ ਕੀਤੀਆਂ ਸਬਜ਼ੀਆਂ ਤੇ ਫਲ ਇਸ ਵਿਚ ਸ਼ਾਮਲ ਕੀਤੇ ਗਏ ਹਨ। ਇਹ ਸ਼ੁਰੂਆਤ ਛੇ ਮਹੀਨੇ ਲਈ ਪਾਇਲਟ ਆਧਾਰ 'ਤੇ ਕੀਤੀ ਗਈ ਹੈ ਤਾਂ ਕਿ ਕੀਮਤਾਂ ਵਿਚ ਸਥਿਰਤਾ ਲਿਆਂਦੀ ਜਾ ਸਕੇ।
ਸ੍ਰੀਮਤੀ ਬਾਦਲ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਉਤਪਾਦਨ ਕਲੱਸਟਰਾਂ ਤੋਂ ਜਿਣਸ ਨੂੰ ਖਪਤ ਕੇਂਦਰਾਂ ਤੱਕ ਪਹੁੰਚਾਉਣ ਲਈ ਟਰਾਂਸਪੋਰਟੇਸ਼ਨ ਦੀ ਲਾਗਤ 'ਤੇ 50 ਫੀਸਦੀ ਸਬਸਿਡੀ ਦੇਵੇਗਾ ਜਾਂ ਨੋਟੀਫਾਈ ਫਸਲਾਂ ਦੀ ਤਿੰਨ ਮਹੀਨੇ ਦੇ ਅਰਸੇ ਲਈ ਢੁਕਵੀਂ ਸਟੋਰੇਜ ਸਹੂਲਤ ਦਾ ਕਿਰਾਇਆ ਵੀ ਲਿਆ ਜਾ ਸਕਦਾ ਹੈ। ਇਹ ਸਹੂਲਤਾਂ ਫਸਲ ਦੀ ਕੀਮਤ ਪਿਛਲੇ ਤਿੰਨ ਸਾਲਾਂ ਦੀ ਔਸਤ ਜਾਂ ਪਿਛਲੇ ਸਾਲ ਦੀ ਕੀਮਤ ਨਾਲੋਂ 15 ਫੀਸਦੀ ਤੋਂ ਜ਼ਿਆਦਾ ਘੱਟ ਜਾਣ ਦੀ ਸੂਰਤ ਵਿਚ ਦਿੱਤੀਆਂ ਜਾਣੀਆਂ।
ਸ੍ਰੀਮਤੀ ਬਾਦਲ ਨੇ ਨੋਟੀਫਾਈ ਕੀਤੇ ਫਲ ਤੇ ਸਬਜ਼ੀਆਂ ਦੀ ਸੂਚੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਦੀ ਸਕੀਮ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਇਸ ਸਕੀਮ ਦਾ ਲਾਭ ਲੈ ਸਕਣ ਅਤੇ ਆਪਣੀਆਂ ਆਮਦਨਾਂ ਵਿਚ ਵਾਧਾ ਕਰ ਸਕਣ।
ਹੋਰ ਵੇਰਵੇ ਸਾਂਝੇ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਅਕਤੀਗਤ ਕਿਸਾਨਾਂ ਤੋਂ ਇਲਾਵਾ ਫੂਡ ਪ੍ਰੋਸੈਸਰ, ਐਫ ਪੀ ਓ/ਐਫ ਪੀ ਸੀ, ਸਹਿਕਾਰੀ ਸਭਾਵਾਂ, ਲਾਇਸੰਸੀ ਆੜਤੀਏ, ਬਰਾਮਦਕਾਰ, ਸੂਬੇ ਦੀਆਂ ਮੰਡੀਕਰਣ ਸਹਿਕਾਰੀ ਫੈਡਰੇਸ਼ਨ ਤੇ ਫਲਾਂ ਤੇ ਸਬਜ਼ੀਆਂ ਦੀ ਪਰਚੂਨ ਵਿਕਰੀ ਤੇ ਪ੍ਰੋਸੈਸਿੰਗ ਵਿਚ ਲੱਗੇ ਲੋਕ ਵੀ ਇਸ ਸਕੀਮ ਤਹਿਤ ਲਾਭ ਲੈ ਸਕਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਵਿਚੋਂ ਜੋ ਵੀ ਯੋਗਤਾ ਸ਼ਰਤਾਂ ਪੂਰੀਆਂ ਕਰਦਾ ਹੋਵੇ, ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਅਗਾਉਂ ਪ੍ਰਵਾਨਗੀ ਤੋਂ ਬਗੈਰ ਹੀ ਨੋਟੀਫਾਈ ਕੀਤੇ ਵਾਧੂ ਉਤਪਾਦਨ ਕਲੱਸਟਰ ਤੋਂ ਮਾਲ ਦੀ ਢੋਆ ਢੁਆਈ ਕਰਕੇ ਜਾਂ ਸਟੋਰੇਜ ਕਰ ਕੇ ਆਪਣਾ ਕਲੇਮ ਆਨਲਾਈਨ ਪੇਸ਼ ਕਰ ਸਕਦਾ ਹੈ ਪਰ ਫਲਾਂ ਤੇ ਸਬਜ਼ੀਆਂ ਦੀ ਅਜਿਹੀ ਢੋਆ ਢੁਆਈ ਜਾਂ ਸਟੋਰੇਜ ਕਰਨ ਤੋਂ ਪਹਿਲਾਂ ਬਿਨੈਕਾਰ ਆਪਣੀ ਰਜਿਸਟਰੇਸ਼ਨ ਜ਼ਰੂਰ ਆਨਲਾਈਨ ਕਰਵਾ ਲਵੇ।
ਇਸ ਯੋਜਨਾ ਬਾਰੇ ਦਿਸ਼ਾ ਨਿਰੇਸ਼ ਤੇ ਕਿਹੜੀਆਂ ਫਸਲਾਂ ਵਾਸਤੇ ਇਹ ਯੋਜਨਾ ਹੈ, ਉਤਪਾਦਨ ਕਲੱਸਟਰ ਕਿਹੜੇ ਹਨ ਤੇ ਜਿਣਸਾਂ ਦੀ ਕੀਮਤਾਂ ਬਾਰੇ ਹੋਰ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ www.mofpi.nic.in. ਤੋਂ ਲਈ ਜਾ ਸਕਦੀ ਹੈ। ਰਜਿਸਟਰੇਸ਼ਨ ਵਾਸਤੇ ਤੇ ਬਿਨੈ ਕਰਨ ਵਾਸਤੇ https://sampada-mofpi.gov.in/OP7S_Subsidy/SubsidyReg.aspx.
ਇਸ ਲਿੰਕ 'ਤੇ ਅਪਲਾਈ ਕੀਤਾ ਜਾ ਸਕਦਾ ਹੈ।