ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਜੂਟ ਬੈਗਜ਼ ਦੀ ਮੰਗ ਵਧੀ
ਪਟਿਆਲਾ, 6 ਅਗਸਤ 2020: ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਪ੍ਰਫੁੱਲਤ ਕਰਕੇ ਸਵੈ ਰੋਜ਼ਗਾਰ ਵੱਲ ਵਧਾਏ ਕਦਮਾਂ ਤਹਿਤ ਪਟਿਆਲਾ ਜ਼ਿਲ੍ਹੇ 'ਚ ਸਵੈ ਸਹਾਇਤਾ ਗਰੁੱਪਾਂ ਨੇ ਪਲਾਸਟਿਕ ਮੁਕਤ ਵਾਤਾਵਰਣ 'ਚ ਵੀ ਆਪਣਾ ਯੋਗਦਾਨ ਪਾਇਆ ਹੈ। ਸਿੱਟੇ ਵਜੋਂ ਜਿੱਥੇ ਲੋੜਵੰਦ ਤੇ ਗਰੀਬ ਮਹਿਲਾਵਾਂ ਨੂੰ ਆਪਣਾ ਜੀਵਨ ਪੱਧਰ ਉਚਾ ਚੁੱਕਣ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ, ਉਥੇ ਹੀ ਸਵੈ ਸਹਾਇਤਾ ਗਰੁੱਪਾਂ ਨੇ 7 ਲੱਖ ਤੋਂ ਵੀ ਵਧੇਰੇ ਜੂਟ ਦੇ ਵੱਖ-ਵੱਖ ਤਰ੍ਹਾਂ ਦੇ ਬੈਗ ਤਿਆਰ ਕਰਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਬਦਲ ਪੇਸ਼ ਕੀਤਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਵਿਖੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਕ੍ਰਾਂਤੀ ਨਾਮ ਦੇ ਕਲਸਟਰ ਲੈਵਲ ਫੈਡਰੇਸ਼ਨ ਅਧੀਨ 20 ਪਿੰਡਾਂ ਦੇ ਸਵੈ ਸਹਾਇਤਾ ਗਰੁੱਪਾਂ ਵੱਲੋਂ ਜੂਟ ਬੈਗ ਬਣਾਉਣ ਦੇ ਸ਼ੁਰੂ ਕੀਤੇ ਪ੍ਰਾਜੈਕਟ ਅਧੀਨ ਐਨ.ਪੀ.ਐਲ. ਥਰਮਲ ਪਲਾਂਟ ਦੀ ਸਹਾਇਤਾ ਨਾਲ 21 ਮਸ਼ੀਨਾਂ ਇਸ ਸੀਐਲ.ਐਫ਼ ਨੂੰ ਪ੍ਰਦਾਨ ਕਰਵਾਈਆਂ ਹਨ। ਇਸ ਕ੍ਰਾਂਤੀ ਫੈਡਰੇਸ਼ਨ ਨਾਲ ਜੁੜੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਜੂਟ ਬੈਗ ਤਿਆਰ ਕਰਨ ਲਈ ਤਿੰਨ ਮਹੀਨੇ ਦੀ ਸਿਖਲਾਈ ਦੋ ਟ੍ਰੇਨਰਾਂ ਮੁਕੇਸ਼ ਤੇ ਗੁੱਡੀ ਵੱਲੋਂ ਵੀ ਦਿਵਾਈ ਗਈ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਜੂਟ ਬੈਗਜ ਦੀ ਮੰਗ ਕਾਫ਼ੀ ਵਧ ਰਹੀ ਹੈ, ਜਿਸ ਤਹਿਤ ਮੈਸੂਰ ਲੈਂਪ, ਸੀ.ਡੀ.ਪੀ.ਓ. ਦਫ਼ਤਰ, ਡਾਕ ਵਿਭਾਗ, ਸਾਹਨੀ ਫਰਨੀਚਰ, ਆਦਿ ਵੱਲੋਂ ਇਨ੍ਹਾਂ ਨੂੰ ਜੂਟ ਦੇ ਵੱਖ-ਵੱਖ ਕਿਸਮਾਂ ਦੇ ਬੈਗ, ਫਾਈਲ ਕਵਰ, ਲੈਪਟਾਪ ਬੈਗ, ਪੋਟਲੀਆਂ ਆਦਿ ਬਣਾਉਣ ਦਾ ਆਰਡਰ ਦਿੱਤਾ ਗਿਆ। ਇਸ ਤੋਂ ਬਿਨ੍ਹਾਂ ਇਹ ਜੂਟ ਬੈਗ ਆਮ ਲੋਕਾਂ ਨੂੰ ਵਾਜਬ ਭਾਅ 'ਤੇ ਮੁਹੱਈਆ ਕਰਵਾਉਣ ਲਈ ਐਨ.ਪੀ.ਐਲ. ਥਰਮਲ ਪਲਾਂਟ ਅਤੇ ਪਟਿਆਲਾ ਵਿਖੇ ਸਟਾਲ ਲਗਾਏ ਗਏ ਹਨ। ਇਸ ਤੋਂ ਬਿਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਜੂਟ ਬੈਗ ਬਣਾਉਣ ਦੇ ਕੰਮ ਨੂੰ ਦੇਖਣ ਲਈ ਦੌਰਾ ਕੀਤਾ।
ਨਲਾਸ ਖੁਰਦ ਦਾ ਇਹ ਜੂਟ ਬੈਗ ਪ੍ਰਾਜੈਕਟ ਐਨ.ਪੀ.ਐਲ. ਦੇ ਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਅਜੀਵਿਕਾ ਸਕੀਮ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਰੀਨਾ ਰਾਣੀ, ਬਲਾਕ ਪ੍ਰੋਗਰਾਮ ਮੈਨੇਜਰ ਕਿਰਨਦੀਪ ਸਿੰਘ, ਕਲਸਟਰ ਕੋਆਰਡੀਨੇਟਰ ਸ੍ਰੀਮਤੀ ਸ਼ਿਵਾਨੀ ਬਸੀ, ਐਮ.ਆਈ.ਐਸ ਸ੍ਰੀਮਤੀ ਬਲਜੀਤ ਕੌਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ ਅਤੇ ਪਲਾਸਟਿਕ ਮੁਕਤ ਆਲਾ ਦੁਆਲਾ ਕਰਨ 'ਚ ਜੂਟ ਬੈਗ ਬਣਾ ਕੇ ਆਪਣਾ ਯੋਗਦਾਨ ਪਾ ਰਿਹਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕਲਸਟਰ ਨੂੰ ਹੁਣ ਤੱਕ ਅਪ੍ਰੈਲ 2019 ਤੋਂ ਮਿਲੇ ਆਰਡਰਾਂ ਵਿੱਚੋਂ 40 ਫੀਸਦੀ ਤੱਕ ਮੁਨਾਫ਼ਾ ਇਨ੍ਹਾਂ ਔਰਤਾਂ ਨੇ ਕਮਾਇਆ ਹੈ ਅਤੇ ਇਹ ਜੂਟ ਬੈਗ ਸੈਂਟਰ ਔਰਤਾਂ ਨੂੰ ਹੁਨਰ ਨਿਖਾਰਨ ਦਾ ਵੀ ਮੌਕਾ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਇਨ੍ਹਾਂ ਦਾ ਆਤਮ ਵਿਸ਼ਵਾਸ਼ ਵੀ ਵਧਿਆ ਹੈ।