ਭਾਵਨਾ ਗੁਪਤਾ, ਗੈਸਟ ਰਿਪੋਰਟਰ
- ਪੀ. ਸੀ. ਆਰ. ਟੀਮ ਨੇ ਕੱਟੇ ਚਲਾਨ
ਪਟਿਆਲਾ, 7 ਅਗਸਤ 2020 - ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ੇਰਾਂ ਵਾਲਾ ਗੇਟ ਸਥਿਤ ਦਵਾਈਆਂ ਦੀ ਸਭ ਤੋਂ ਵੱਡੀ ਮਾਰਕੀਟ ਵਿਚ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਦੀ ਸੂਚਨਾ ਮਿਲਣ 'ਤੇ ਥਾਣਾ ਕੋਤਵਾਲੀ ਦੇ ਐਸ. ਐਚ. ਓ. ਰਾਹੁਲ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹੁੰਚੀ ਪੀ. ਸੀ. ਆਰ. ਟੀਮ ਨੇ ਜਦੋਂ ਮਾਰਕੀਟ ਅੰਦਰ ਬਣੀਆਂ ਹੋਲਸੇਲ ਦਾ ਕੰਮ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤਾਂ ਟੀਮ ਨੇ ਪਾਇਆ ਕਿ ਦੁਕਾਨਾਂ ਦੇ ਮਾਲਕਾਂ, ਦੁਕਾਨਾਂ ਅੰਦਰ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਦੁਕਾਨਾਂ 'ਤੇ ਖਰੀਦਦਾਰੀ ਕਰਨ ਅਤੇ ਮਾਰਕੀਟਿੰਗ ਕਰਨ ਲਈ ਆਉਣ ਵਾਲੇ ਵਿਅਕਤੀਆਂ ਵਲੋਂ ਨਾ ਤਾਂ ਸੋਸ਼ਲ ਡਿਸਟੈਂਸਿੰਗ, ਨਾ ਮਾਸਕ ਤੇ ਨਾ ਹੀ ਸੈਨੇਟਾਈਜ਼ਰ ਕਰਕੇ ਦੁਕਾਨ 'ਚ ਵੜਨ ਦੀ ਕੋਈ ਵਿਵਸਥਾ ਕੀਤੀ ਗਈ ਸੀ, ਜਿਸਦੇ ਚਲਦਿਆਂ ਪੀ. ਸੀ. ਆਰ. ਮੁਲਾਜਮਾਂ ਵਲੋਂ ਮੌਕੇ 'ਤੇ ਹੀ ਕਾਰਵਾਈ ਕਰਦਿਆਂ ਦੁਕਾਨਾਂ 'ਤੇ ਮੌਜੂਦ ਵਿਅਕਤੀਆਂ ਦੇ ਚਲਾਨ ਕੀਤੇ ਗਏ ਤਾਂ ਜੋ ਦੁਕਾਨਦਾਰਾਂ ਨੂੰ ਅੱਗੇ ਤੋਂ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਮਿਲ ਸਕੇ।
ਕੀ ਆਖਦੇ ਹਨ ਹੋਲਸੇਲ ਕੈਮਿਸਟ ਐਸੋਸੀਏਸ਼ਨ ਪ੍ਰੈਸ ਸੈਕਟਰੀ :
ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰੈਸ ਸੈਕਟਰੀ ਮਨੋਜ ਮਹਿਤਾ ਨਾਲ ਜਦੋਂ ਪੀ. ਸੀ. ਆਰ. ਟੀਮ ਵਲੋਂ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਕੋਵਿਡ-19 ਦੀ ਪਾਲਣਾ ਨਾ ਕਰਨ 'ਤੇ ਕੱਟੇ ਗਏ ਚਲਾਨਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਿਅਕਤੀ ਦਾ ਆਪਣਾ ਪਹਿਲਾ ਫਰਜ਼ ਬਣਦਾ ਹੈ ਪਰ ਜਿਨ੍ਹਾਂ ਵੀ ਦੁਕਾਨਦਾਰਾਂ ਵਲੋਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਦੇ ਚਲਾਨ ਵੀ ਕਰ ਦਿੱਤੇ ਗਏ ਜੋ ਕਿ ਪੂਰੇ ਨਿਯਮਾਂ ਤਹਿਤ ਹੀ ਹੈ।