ਹਰਿੰਦਰ ਨਿੱਕਾ
- ਕਿਹਾ, ਸਰਕਾਰ ਸੜਕ ਬਣਾਉਣ ਲਈ ਤਿਆਰ, ਜੇਕਰ ਜ਼ਮੀਨ ਪਿੰਡ ਵਾਲੇ ਦੇਣ
ਸੰਗਰੂਰ, 8 ਅਗਸਤ 2020 - ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ਮਿਸ਼ਨ ਫਤਹਿ ਦੌਰਾਨ ਮੁੱਖ ਮੰਤਰੀ ਦੇ ਵਿਸੇਸ ਫੇਸਬੁੱਕ ਲਾਈਵ ਪ੍ਰੋਗਰਾਮ ਕੈਪਟਨ ਨੂੰ ਸਵਾਲ ਦੇ 14ਵੇਂ ਐਡੀਸ਼ਨ ਦੌਰਾਨ ਸੰਗਰੂਰ ਦੇ ਪਿੰਡ ਮੋਮਾਨਾਬਾਦ ਦੇ ਰਹਿਣ ਵਾਲੇ ਮਨਿੰਦਰਪ੍ਰੀਤ ਸਿੰਘ ਨੇ ਆਪਣੇ ਪਿੰਡ ਤੋਂ ਲੁਧਿਆਣਾ ਦੇ ਪਿੰਡ ਸਹਾਰਨਮਾਜਰਾ ਤੱਕ ਸੜਕ ਦਾ ਟੋਟਾ ਬਣਾਉਣ ਦੇ ਮੰਗ ਕੀਤੀ। ਜਿਸਦੇ ਜਵਾਬ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਜ਼ਮੀਨ ਪਿੰਡ ਵਾਲੇ ਦੇਣ ਨੂੰ ਤਿਆਰ ਹਨ ਤਾਂ ਅਸੀ ਜਿੰਨਾ ਪੈਸਾ ਲੱਗੇਗਾ ਲਾ ਦੇਵਾਂਗੇ ਪਰ ਜ਼ਮੀਨ ਤੁਹਾਨੂੰ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਜ਼ਮੀਨ ਤੋਂ ਸੜਕ ਲੰਘਣੀ ਹੈ, ਰਾਬਤਾ ਕਰ ਲਿਆ ਜਾਵੇ ਸੜਕ ਬਣਾਉਣ ਦੇ ਖਰਚ ਆਉਣ ਵਾਲੀ ਰਾਸ਼ੀ ਸਰਕਾਰ ਵੱਲੋਂ ਖਰਚ ਕਰ ਦਿੱਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਜਾਣ ਸਮੇਂ ਮਾਹਿਰਾਂ ਦੇ ਦੱਸਣ ਮੁਤਾਬਿਕ ਮਾਸਕ ਪਾਉਣ ਨਾਲ ਕੋਵਿਡ ਦੀ ਸਮੱਸਿਆ ਤੋਂ 75 ਫੀਸਦੀ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਥੁੱਕਿਆ ਨਾ ਜਾਵੇ ਅਤੇ ਸਾਮਾਜਿਕ ਦੂਰੀ ਬਣਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ।