ਚੰਡੀਗੜ੍ਹ/ਮੋਹਾਲੀ, 08 ਅਗਸਤ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਅਗਸਤ, 2020 ਨੂੰ ਚੋਟੀ ਦੇ ਸਨਅਤਕਾਰਾਂ ਅਤੇ ਚਿੰਤਕਾਂ ਨਾਲ 'ਵਰਚੂਅਲ ਮੀਟ' ਕਰਨਗੇ। ਇਸ ਦਾ ਮੁੱਦਾ ਹੋਵੇਗਾ ਕਿ ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਲੀਹ ਤੇ ਕਿਵੇਂ ਲਿਆਂਦਾ ਜਾਵੇ।
ਚੰਡੀਗੜ੍ਹ ਯੂਨੀਵਰਸਿਟੀ ਦੀ ਪਹਿਲ 'ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਇਸ ਵਰਚੂਅਲ ਮੀਟ ਲਈ ਦੋ ਵੱਖ-ਵੱਖ ਸੈਸ਼ਨ ਉਲੀਕੇ ਗਏ ਹਨ। ਪਹਿਲੇ ਸੈਸ਼ਨ ਦੌਰਾਨ ਦੇਸ਼ ਦੇ ਉੱਘੇ ਉਦਯੋਗਪਤੀ ਵਿਸ਼ੇ ਸਬੰਧੀ ਆਪਣੇ ਵਿਚਾਰ ਰੱਖਣਗੇ ਅਤੇ ਦੂਜਾ ਸੈਸ਼ਨ ਦੌਰਾਨ ਉਦਯੋਗ ਦੇ ਨੁਮਾਇੰਦਿਆਂ ਦੁਆਰ ਮਾਨਯੋਗ ਮੁੱਖ ਮੰਤਰੀ ਨੂੰ ਪਹਿਲੇ ਸੈਸ਼ਨ ਸਬੰਧੀ ਸੰਖੇਪ ਜਾਣਕਾਰੀ ਦੇਣ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਉਦਯੋਗ ਦੇ ਆਗੂਆਂ ਨੂੰ ਅਰਥਚਾਰੇ ਦੇ ਵਿਕਾਸ ਸਬੰਧੀ ਆਪਣੇ ਵਿਚਾਰ ਮਾਣਯੋਗ ਮੁੱਖ ਮੰਤਰੀ ਅੱਗੇ ਰੱਖਣ ਦਾ ਮੌਕਾ ਮਿਲੇਗਾ।
ਪਹਿਲਾ ਸੈਸ਼ਨ (ਉਦਯੋਗਪਤੀਆਂ ਦੀ ਰਾਏ) 11:30 ਵਜੇ ਤੋਂ 1 ਵਜੇ ਤੱਕ ਚੱਲੇਗਾ ਜਦਕਿ ਦੂਜਾ ਸੈਸ਼ਨ (ਉਦਯੋਗਪਤੀਆਂ ਦੀ ਪੇਸ਼ਕਾਰੀ ਅਤੇ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰੇ) 2 ਤੋਂ 3 ਵਜੇ ਤੱਕ ਚੱਲੇਗਾ।
ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਿਆਨਕ ਮਹਾਂਮਾਰੀ ਕੋਵਿਡ-19 ਦੀ ਵਿਸ਼ਵ-ਵਿਆਪੀ ਪੱਧਰ `ਤੇ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਦਕਿ ਇਸ ਦਾ ਬੁਰਾ ਪ੍ਰਭਾਵ ਦੇਸ਼ ਦੀ ਆਰਥਿਕਤਾ 'ਤੇ ਵੀ ਵੇਖਣ ਨੂੰ ਮਿਲਿਆ ਹੈ।ਇਸ ਹੁਣ ਸਰਕਾਰਾਂ ਦੀ ਪ੍ਰਾਥਮਿਕਤਾ ਸਭ ਤੋਂ ਪਹਿਲਾ ਪ੍ਰਭਾਵਿਤ ਹੋਏ ਅਰਥਚਾਰੇ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ ਤੇ ਸਰਕਾਰਾਂ ਵੱਡੇ ਪੱਧਰ `ਤੇ ਇਸ ਵੱਲ ਤਰਜੀਹ ਵੀ ਦੇ ਰਹੀਆਂ ਹਨ।
ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤੋਂ ਬਾਅਦ ਦੇ ਸਮੇਂ ਵਿੱਚ ਉਦਯੋਗ ਅਤੇ ਸਨਅਤੀ ਅਦਾਰਿਆਂ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਸੁਝਾਅ ਅਤੇ ਵਿਚਾਰ ਲੈਣ ਲਈ ਦੇਸ਼ ਦੇ ਕੁਝ ਚੋਟੀ ਦੇ ਉਦਯੋਗਪਤੀਆਂ ਨਾਲ ਸਿੱਧਾ ਰਾਬਤਾ ਬਣਾਇਆ ਜਾਵੇਗਾ।
ਇਸ ਇੰਡਸਟਰੀਅਲ ਅਤੇ ਅਕਾਦਮਿਕ ਵਰਚੂਅਲ ਮੀਟ 'ਚ ਮੁੱਖ ਮੰਤਰੀ ਕੈਪਟਨ ਕੋਰੋਨਾ ਸੰਕਟ ਦੌਰਾਨ ਪ੍ਰਭਾਵਿਤ ਹੋਏ ਅਰਥਚਾਰੇ ਨੂੰ ਮੁੜ ਤੋਂ ਸੁਰਜੀਤ ਕਰਨ ਬਾਬਤ ਜਿੱਥੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ ਉੱਥੇ ਉਦਯੋਗਿਕ ਅਦਾਰਿਆਂ ਦੇ ਆਗੂਆਂ ਦੇ ਵਿਚਾਰ ਵੀ ਸੁਣਨਗੇ। ਜ਼ਿਕਰਯੋਗ ਹੈ ਕਿ ਬੁਲਾਰੇ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂਨੇ ਇਸ ਮਹੱਤਵਪੂਰਨ 'ਵਰਚੂਅਲ ਮੀਟ' ਦਾ ਹਿੱਸਾ ਬਣਨ ਲਈ ਤਹਿ ਦਿਲੋਂ ਸੱਦਾ ਦਿੱਤਾ ਹੈ।