ਰਾਜਵੰਤ ਸਿੰਘ
- ਪ੍ਰਾਈਵੇਟ ਸਕੂਲ ਨੂੰ ਮਨਮਰਜ਼ੀ ਨਹੀਂ ਕਰਨ ਦੇਵਾਂਗਾ-ਮੁੱਖ ਮੰਤਰੀ
ਸ੍ਰੀ ਮੁਕਤਸਰ ਸਾਹਿਬ, 8 ਅਗਸਤ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ 'ਕੈਪਟਨ ਨੂੰ ਸਵਾਲ ਸਬੰਧੀ ਆਮ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਣ ਦੇ ਮੰਤਵ ਨਾਲ ਆਪਣੇ ਫੇਸਬੁੱਕ ਲਾਈਵ ਦੌਰਾਨ ਪੰਜਾਬ ਦੇ ਵਸਨੀਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸੇ ਗੱਲਬਾਤ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਡੀ.ਏ.ਵੀ.ਪਬਲਿਕ ਸਕੂਲ ਮਲੋਟ ਦੀ ਵਿਦਿਆਰਥਣ ਅਨੂ ਬਾਲਾ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਦੀਆਂ ਨੋਟ ਬੁੱਕ ਸਕੂਲ ਪ੍ਰਸ਼ਾਸਨ ਨੇ ਆਪਣੇ ਪਾਸ ਰੱਖ ਲਈਆਂ ਹਨ ਅਤੇ ਸਕੂਲ ਫੀਸ ਦੇਣ ਤੱਕ ਨੋਟ ਬੁੱਕ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਇਸ ਦਾ ਗੰਭੀਰ ਨੋਟਿਸ ਲੈਂਦਿਆ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਇਸ ਦੀ ਬਰੀਕੀ ਨਾਲ ਛਾਣਬੀਨ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਲੋਕ ਕੋਰੋਨਾ ਵਾਇਰਸ ਵਰਗੀ ਗੰਭੀਰ ਸਮੱਸਿਆ ਵਿੱਚੋਂ ਗੁਜਰ ਰਹੇ ਹਨ, ਦੂਸਰੇ ਪਾਸੇ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਅਜਿਹੀਆਂ ਮਨਮਰਜੀਆਂ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਸਾਨ ਕਰ ਰਹੇ ਹਨ, ਜਿਸ ਕਰਕੇ ਸਕੂਲ ਪ੍ਰਸ਼ਾਸਨ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲ ਪ੍ਰਾਸਾਸਨ ਨੂੰ ਬੱਚਿਆ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਗੁਰਪ੍ਰੀਤ ਸਿੰਘ ਬੰਗੀ ਪਿੰਡ ਥਰਾਜ ਵਾਲਾ ਨੂੰ ਪਿੰਡ ਦੇ ਬਕਾਇਆ ਪਏ ਕੰਮਾਂ ਨੂੰ ਮੁੜ ਚਾਲੂ ਕਰਨ ਲਈ ਜਲਦੀ ਪਿੰਡ ਨੂੰ ਗਰਾਂਟ ਜਾਰੀ ਕਰਨ ਦਾ ਵਿਸ਼ਵਾਸ ਵੀ ਦੁਆਇਆ ।