ਸਾਵਧਾਨੀਆਂ ਅਪਨਾ ਕੇ ਹੀ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿ ਸਕਦੇ ਹਨ ਲੋਕ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 8 ਅਗਸਤ 2020: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 29613 ਸੈਂਪਲ ਨੈਗੇਟਿਵ ਆ ਚੁੱਕੇ ਹਨ ਅਤੇ 546 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਅਪਨਾ ਕੇ ਲੋਕ ਇਸ ਵਾਇਰਸ ਤੋਂ ਬਚ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਬਲਕਿ ਅਹਿਤਿਆਤ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਵਿਡ-19 ਸਬੰਧੀ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹਾ ਵਾਸੀ ਸਾਵਧਾਨੀਆਂ ਅਪਨਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ। ਸ੍ਰੀਮਤੀ ਅਪਨੀਤ ਰਿਆਤ ਨੇ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ ’ਤੇ 20 ਸੈਕਿੰਡ ਤੱਕ ਹੱਥ ਧੋਣੇ ਯਕੀਨੀ ਬਣਾਏ ਜਾਣ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 32050 ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 783 ਸੈਂਪਲ ਲਏ ਗਏ, ਜਦਕਿ 59 ਸੈਂਪਲਾਂ ਦੀ ਰਿਪੋਰਟ ਆਈ ਹੈ। ਉਨ੍ਹਾਂ ਕਿਹਾ ਕਿ ਅੱਜ 11 ਪੋਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 634 ਹੋ ਗਈ ਹੈ ਜਿਸ ਵਿੱਚ ਐਕਟਵਿ ਕੇਸ 69 ਹਨ। ਉਨ੍ਹਾਂ ਕਿਹਾ ਕਿ 1809 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਹੁਣ ਤੱਕ 55 ਕੇਸ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਆਏ 11 ਪੋਜ਼ੀਟਿਵ ਕੇਸਾਂ ਵਿੱਚ ਮੁਕੇਰੀਆਂ ਨਾਲ ਸਬੰਧਤ 3, ਹੁਸ਼ਿਆਰਪੁਰ 3, ਹਾਜੀਪੁਰ 1, ਭੂੰਗਾ 1, ਮੰਡ ਮੰਡੇਰ 2, ਦਸੂਹਾ 1 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਕ ਮੌਤ ਪਿੰਡ ਪੁਹਾਰੀ ਦੇ ਇਕ ਵਿਅਕਤੀ 42 ਸਾਲ ਦੀ ਮੌਤ ਹੋ ਗਈ ਹੈ। ਇਹ ਕਿਸੇ ਹੋਰ ਬੀਮਾਰੀ ਨਾਲ ਪੀੜਤ ਸੀ, ਪਰ ਇਸ ਨੇ ਕੋਰੋਨਾ ਟੈਸਟ ਕਰਵਾਇਆ ਸੀ ਜੋ ਕਿ ਪੋਜ਼ੀਟਿਵ ਆਇਆ ਹੈ। ਉਨ੍ਹਾਂ ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੱਕ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।