ਰਾਜਵੰਤ ਸਿੰਘ
- ਜੇਲ੍ਹ ਭਰੋ ਅੰਦੋਲਨ ਮੌਕੇ ਵਰਕਰਾਂ ਨੇ ਗ੍ਰਿਫਤਾਰੀ ਲਈ ਖੁਦ ਨੂੰ ਕੀਤਾ ਪੇਸ਼
- ਧਰਨੇ ਦੌਰਾਨ ਟਰੈਫਿਕ ਹੋਇਆ ਪ੍ਰਭਾਵਿਤ, ਪੁਲਸ ਨੇ ਹੋਰਨਾਂ ਰਸਤਿਆਂ ਤੋਂ ਲੰਘਾਏ ਵਾਹਨ
ਸ੍ਰੀ ਮੁਕਤਸਰ ਸਾਹਿਬ, 9 ਅਗਸਤ 2020 - ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਸੀਟੂ ਵੱਲੋਂ ਜੇਲ੍ਹ ਭਰੋ ਅੰਦੋਲਨ ਦੇ ਸੱਦੇ ’ਤੇ ਦੇਸ਼ ਬਚਾਓ, ਲੋਕਤੰਤਰ ਬਚਾਓ ਤਹਿਤ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਆਂਗਣਵਾੜੀ ਮੁਲਾਜ਼ਮ ਯੂੂਨੀਅਨ ਸੀਟੂ, ਕੁੱਲ ਹਿੰਦ ਕਿਸਾਨ ਸਭਾ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਆਦਿ ਜਥੇਬੰਦੀਆਂ ਵੱਲੋਂ ਅੱਜ ਕੇਂਦਰੀ ਕਮੇਟੀ ਦੇ ਸੱਦੇ ’ਤੇ ਦੇਸ਼ ਭਰ ਵਿੱਚ ਕੀਤੇ ਜਾ ਰਹੇ ਸੱਤਿਆਗ੍ਰਹਿ ਤਹਿਤ ਅੱਜ ਸਥਾਨਕ ਕੋਟਕਪੂਰਾ ਚੌਂਕ ’ਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਇਸ ਧਰਨੇ ਨੂੰ ਅਸਫਲ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਪਰ ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਪਹੁੰਚੇ ਆਗੂਆਂ ਵੱਲੋਂ ਹੱਕੀ ਮੰਗਾਂ ਮੰਨਣ ਜਾਂ ਗਿ੍ਰਫ਼ਤਾਰ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਧਰਨੇ ਦੌਰਾਨ ਵੱਡੀ ਤਾਦਾਦ ’ਚ ਪੁਲਸ ਬਲ ਤਾਇਨਾਤ ਰਿਹਾ। ਇਸ ਮੌਕੇ ਵੱਖ-ਵੱਖ ਯੂਨੀਅਨ ਆਗੂਆਂ ਸੁਰਜੀਤ ਘੱਗਾ, ਧਰਮਪਾਲ ਝਬੇਲਵਾਲੀ, ਕਾਮਰੇਡ ਇੰਦਰਜੀਤ, ਤਰਸੇਮ ਲਾਲ, ਖਰੈਤੀ ਲਾਲ, ਪ੍ਰਧਾਨ ਅਮਿ੍ਰਤਪਾਲ ਕੌਰ ਚਹਿਲ, ਨੀਨਾ ਰਾਣੀ ਸੋਥਾ, ਜਸਵਿੰਦਰ ਸਿੰਘ ਵੱਟੂ, ਮੇਜਰ ਸਿੰਘ ਸੀਰਵਾਲੀ, ਕੁਲਵੰਤ ਸਿੰਘ ਸੀਰਵਾਲੀ, ਨੱਥੂ ਰਾਮ ਗਿੱਦੜਬਾਹਾ, ਦਵਿੰਦਰ ਸਿੰਘ ਕੋਟਲੀ, ਗੁਰਨੈਬ ਸਿੰਘ ਕੋਟਲੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਮੌਜੂਦਾ ਹਾਕਮਾਂ ਦੀਆਂ ਨੀਤੀਆਂ ਕਾਰਨ ਅਮਰਜੈਂਸੀ ਨਾਲੋਂ ਵੀ ਮਾੜੇ ਦੌਰ ਵਿੱਚ ਗੁਜਰ ਰਿਹਾ ਹੈ।
ਮੋਦੀ ਸਰਕਾਰ ਕੋਰੋਨਾ ਦੀ ਆੜ ਹੇਠ ਜਿੱਥੇ ਦੇਸ਼ ਵਿੱਚ ਫਿ੍ਰਕਾਪ੍ਰਸਤੀ ਦਾ ਜ਼ਹਿਰ ਫੈਲਾਅ ਰਹੀ ਹੈ ਉੱਥੇ ਦੇਸ਼ ਦੇ ਲੋਕਤੰਤਰਿਕ ਢਾਂਚੇ, ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਤੇ ਹਮਲੇ ਕਰ ਰਹੀ ਹੈ ਅਤੇ ਫਿਰਕੂ ਤਾਕਤਾਂ ਇਨ੍ਹਾਂ ਅਹਿਮ ਸੰਸਥਾਵਾਂ ਵਿੱਚ ਘੁਸਪੈਠ ਕਰ ਚੁੱਕੀਆਂ ਹਨ। ਸਰਕਾਰ ਕੋਰੋਨਾ ਦੀ ਆੜ ਹੇਠ ਨਿੱਤ ਨਵੇਂ ਲੋਕ ਵਿਰੋਧੀ ਆਰਡੀਨੈਂਸ ਲਿਆ ਕੇ ਲੋਕਾਂ ਦਾ ਆਰਥਿਕ ਪੱਖੋਂ ਲੱਕ ਤੋੜ ਰਹੀ ਹੈ ਅਤੇ ਦੇਸ਼ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਖਰਾਬ ਹੋਈ ਹੈ। ਦੇਸ਼ ਦੇ ਕਰੋੜਾਂ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੌਣੇ ਪਏ ਹਨ ਅਤੇ ਵੱਡੀਆਂ ਕੰਪਨੀਆਂ ਮਜ਼ਦੂਰਾਂ ਦੀ ਛਾਂਟੀ ਕਰ ਰਹੀਆਂ ਹਨ ਜਿਸ ਕਾਰਨ ਦੇਸ਼ ਦਾ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਲੋਕ ਮਾਰੂ ਆਰਡੀਨੈਂਸ ਤੁਰੰਤ ਰੱਦ ਕਰਕੇ ਲੋਕਾਂ ਨੂੰ ਆਰਥਿਕ ਰਾਹਤ ਦੇਵੇ, ਦੇਸ਼ ਵਿੱਚੋਂ ਫਿ੍ਰਕਾਪ੍ਰਸਤੀ ਦਾ ਖ਼ਾਤਮਾ ਕੀਤਾ ਜਾਵੇ, ਘੱਟ ਗਿਣਤੀਆਂ ਤੇ ਹਮਲੇ ਬੰਦ ਕੀਤੇ ਜਾਣ, ਜਨਤਕ ਅਦਾਰਿਆਂ ਦਾ ਨਿੱਜੀ ਕਰਨ ਬੰਦ ਕੀਤਾ ਜਾਵੇ, ਸਕੀਮ ਵਰਕਰਾਂ ਨੂੰੂ ਪੱਕਾ ਕੀਤਾ ਜਾਵੇ, ਨਰੇਗਾ ਵਰਕਰਾਂ ਨੂੰ 200 ਦਿਨ ਕੰਮ ਤੇ 600 ਰੁਪਏ ਪ੍ਰਤੀ ਦਿਹਾੜੀ ਦਿੱਤਾ ਜਾਵੇ, ਕੋਰੋਨਾ ਕਾਰਨ ਪ੍ਰਭਾਵਿਤ ਦੇਸ਼ ਦੇ ਸਾਰੇ ਲੋੜਵੰਦਾਂ ਨੂੰ ਪ੍ਰਤੀ ਮਹੀਨਾ 7500 ਰੁਪਏ ਨਗਦ ਦਿੱਤੇ ਜਾਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
ਵਰਣਨਯੋਗ ਹੈ ਕਿ ਧਰਨੇ ਦੌਰਾਨ ਟਰੈਫਿਕ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਇਆ , ਜਿਸ ਕਰਕੇ ਆਉਣ ਜਾਣ ਵਾਲੇ ਵਾਹਨਾਂ ਨੂੰ ਪੁਲਸ ਵੱਲੋਂ ਹੋਰਨਾਂ ਰਸਤਿਆਂ ਤੋਂ ਭੇਜਿਆ ਗਿਆ। ਇਸ ਮੌਕੇ ਹਰੀਰਾਮ ਚੱਕ ਸ਼ੇਰੇਵਾਲਾ, ਕਮਲਦਾਸ ਭਾਰਤ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ, ਰਾਜ ਕੁਮਾਰ, ਜੱਗਾ ਸਿੰਘ, ਚਰਨਜੀਤ ਸਿੰਘ, ਹਰਪਾਲ ਸਿੰਘ, ਰਾਣੀ ਜੰਡੋਕੇ, ਅਮਰਜੀਤ ਸਿੰਘ ਸੋਹਤਾ, ਨਰਵੀਰ ਕੌਰ, ਰਮਨਦੀਪ ਕੌਰ, ਸੀਤਾ ਰਾਣੀ, ਸੁਰਜੀਤ ਕੌਰ, ਕੁਲਵੀਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਮੀਨੂ ਰਾਣੀ, ਪ੍ਰਤਾਪ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।