ਸਿੰਗਲਾ ਵੱਲੋਂ ਵਿਦਿਅਕ ਮੁਕਾਬਲਿਆਂ ’ਚ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ’ਤੇ ਜ਼ੋਰ
ਚੰਡੀਗੜ੍ਹ, 10 ਅਗਸਤ 2020: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੇ ਗਏ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਕਵਿਤਾ ਉਚਾਰਣ ਦੇ ਖੇਤਰ ’ਚ ਚਾਹਲੀ ਹਜ਼ਾਰ ਤੋਂ ਵੀ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰਤ ’ਤੇ ਆਰੰਭੇ ਗਏ ਇਨ੍ਹਾਂ ਮੁਕਾਬਲਿਆਂ ਦੀ ਲੜੀ ਵਿੱਚ ਇਸ ਤੋਂ ਪਹਿਲਾਂ ਸ਼ਬਦ ਗਾਇਨ ਮੁਕਾਬਲ ਹੋ ਚੁੱਕੇ ਹਨ ਅਤੇ ਹੁਣ ਹੋਏ ਕਵਿਤਾ ਉਚਾਰਨ ਆਨਲਾਈਨ ਮੁਕਾਬਲਿਆਂ ’ਚ ਸੂਬੇ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸ੍ਰੀ ਸਿੰਗਲਾ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵਿਦਿਅਰਥੀਆਂ ਦੇ ਕਲਾਤਮਿਕ ਹੁਨਰ ਨੂੰ ਨਿਖਾਰਣ ਦੇ ਨਾਲ ਨਾਲ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਫ਼ਿਲਾਸਫ਼ੀ ਦਾ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਪ੍ਰਰਿਤ ਕੀਤਾ ਜਾ ਸਕੇ।
ਲੜੀਵਾਰ ਗਿਆਰਾਂ ਮੁਕਾਬਲੇ ਕਰਵਾਉਣ ਦੀ ਬਣਾਈ ਯੋਜਨਾ ਦੇ ਹੇਠ ਹੋਏ ਇਨ੍ਹਾਂ ਕਵਿਤਾ ਉਚਾਰਣ ਮੁਕਾਬਲਿਆਂ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 5212 ਵਿਦਿਆਰਥੀਆਂ ਨੇ ਵਿੱਚ ਹਿੱਸਾ ਲਿਆ ਅਤੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਵੱਧ ਸ਼ਮੂਲੀਅਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਿੰਗ ਦੇ 19254 ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਫ਼ਿਲਾਸਫ਼ੀ ਨਾਲ ਸਬੰਧਤ ਕਵਿਤਾ ਦਾ ਉਚਾਰਣ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਬੁਲਾਰੇ ਅਨੁਸਾਰ ਸੰਯੁਕਤ ਰੂਪ ’ਚ ਪਟਿਆਲਾ ਨੇ 5212 ਬੱਚਿਆਂ ਦੀ ਸ਼ਮੂਲੀਅਤ ਕਰਵਾ ਕੇ ਪਹਿਲਾ, ਜਲੰਧਰ ਨੇ 4536 ਨਾਲ ਦੂਸਰਾ ਤੇ ਸੰਗਰੂਰ ਜ਼ਿਲ੍ਹੇ ਨੇ 3269 ਨਾਲ ਤੀਸਰਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਵਿੰਗ ਵਿੱਚੋਂ ਵੀ ਪਟਿਆਲਾ ਜ਼ਿਲ੍ਹੇ ਨੇ ਸੂਬੇ ਭਰ ’ਚੋਂ ਪਹਿਲਾ (3801), ਜਲੰਧਰ ਨੇ ਦੂਸਰਾ (1938) ਤੇ ਅੰਮਿ੍ਰਤਸਰ ਨੇ (1595) ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਮਿਡਲ ਵਿੰਗ ਵਿੱਚੋਂ ਜਲੰਧਰ ਨੇ (1408) ਨੇ ਪਹਿਲਾ, ਲੁਧਿਆਣਾ (1115) ਨੇ ਦੂਸਰਾ ਤੇ ਫਿਰੋਜ਼ਪੁਰ ਨੇ (1106) ਤੀਸਰਾ ਸਥਾਨ ਹਾਸਲ ਕੀਤਾ। ਬੁਲਾਰੇ ਅਨੁਸਾਰ ਜਲੰਧਰ ਨੇ ਸੈਕੰਡਰੀ ਵਿੰਗ ਵਿੱਚੋਂ 1190 ਬੱਚਿਆਂ ਦੀ ਸ਼ਮੂਲੀਅਤ ਕਰਵਾ ਕੇ ਪਹਿਲਾ, ਲੁਧਿਆਣਾ ਨੇ 939 ਬੱਚਿਆਂ ਨਾਲ ਦੂਸਰਾ ਤੇ ਸੰਗਰੂਰ ਨੇ 719 ਬੱਚਿਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਹੀ ਸੂਬਾ ਭਰ ਦੇ ਪ੍ਰਾਇਮਰੀ ਬਲਾਕਾਂ ਵਿੱਚੋਂ ਸਮਾਣਾ-1 (ਪਟਿਆਲਾ) ਨੇ 696 ਨਾਲ ਪਹਿਲਾ, ਮੂਣਕ (ਸੰਗਰੂਰ) ਨੇ 592 ਦੂਜੇ ਅਤੇ ਖੂਹੀਆਂ ਸਰਵਰ (ਫਾਜ਼ਿਲਕਾ) ਨੇ 370 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਮਿਡਲ ਵਿੰਗ ਦੇ ਬਲਾਕਾਂ ਵਿੱਚੋਂ ਫਿਰੋਜ਼ਪੁਰ-3 ਬਲਾਕ ਨੇ 318 ਨਾਲ ਪਹਿਲਾ, ਘੱਲ ਖੁਰਦ (ਫਿਰੋਜ਼ਪੁਰ) ਨੇ 186 ਨਾਲ ਦੂਸਰਾ ਤੇ ਜਲੰਧਰ ਨੇ 154 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਿੰਗ ਦੇ ਬਲਾਕਾਂ ਵਿੱਚੋਂ ਬਰਨਾਲਾ ਬਲਾਕ ਨੇ 145 ਨਾਲ ਪਹਿਲਾ, ਭਗਤਾ ਭਾਈਕਾ ਨੇ 138 ਨਾਲ ਦੂਸਰਾ ਤੇ ਫਿਰੋਜ਼ਪੁਰ-3 ਬਲਾਕ ਨੇ 135 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਸਮੁੱਚੇ ਰੂਪ ’ਚ ਪਟਿਆਲਾ ਦੇ ਸਮਣਾ ਬਲਾਕ ਨੇ 755 ਪ੍ਰਤੀਯੋਗੀਆਂ ਨਾਲ ਪਹਿਲਾ, ਮੂਣਕ ਨੇ 687 ਨਾਲ ਦੂਸਰਾ ਤੇ ਗੋਨਿਆਣਾ ਨੇ 471 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।