ਹਰੀਸ਼ ਕਾਲੜਾ
ਰੂਪਨਗਰ, 10 ਅਗਸਤ 2020: ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀ ਦੇ ਵਸੀਲੇ ਪੈਦਾ ਕਰਨ ਲਈ ਘਰ ਘਰ ਰੁਜ਼ਗਾਰ ਮਿਸ਼ਨ ਅਤੇ ਮਿਸ਼ਨ ਫਤਿਹ ਤਹਿਤ ਵਿਸ਼ੇਸ਼ ਉੱਦਮ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਬੈਂਕਿੰਗ ਸੈਕਟਰ ਵਿੱਚ ਨੌਕਰੀਆਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਵੈਬੀਨਾਰ 11 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਨੇ ਦਿੱਤੀ ।
ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਅਜਿਹੇ ਹਲਾਤਾਂ ਵਿੱਚ ਨੌਜਵਾਨਾਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕਰਨੇ ਲਾਜ਼ਮੀ ਹਨ। ਉਨ੍ਹਾ ਦੱਸਿਆ ਕਿ ਕਰੋਨਾ ਕਾਰਨ ਵੱਡੀ ਤਦਾਦ ਵਿੱਚ ਨੌਜਵਾਨ ਆਪਣੀਆਂ ਨੌਕਰੀਆਂ ਅਤੇ ਰੋਜ਼ੀ ਚਲਾਉਣ ਦੇ ਵਿੱਤੀ ਸਾਧਨ ਗਵਾ ਚੁੱਕੇ ਹਨ। ਇਸ ਤਰ੍ਹਾਂ ਦੇ ਹਲਾਤਾਂ ਵਿੱਚ ਨੌਜਵਾਨਾਂ ਨੂੰ ਹੌਂਸਲਾ ਦੇਣ ਦੀ ਜ਼ਰੂਰਤ ਹੈ। ਇਸ ਮੰਤਵ ਲਈ ਹੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਨੌਜਵਾਨਾਂ ਨੂੰ ਯੋਗ ਅਗਵਾਈ ਦੇਣ ਲਈ ਵੱਖ-ਵੱਖ ਕੰਪਨੀਆਂ ਅਦਾਰਿਆਂ ਦੇ ਤਜ਼ਰਬੇਕਾਰ ਨੁਮਾਇੰਦਿਆਂ ਨਾਲ ਰੂਬਰੂ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਂਨ ਉਨ੍ਹਾਂ ਦੇ ਨਿੱਜੀ ਤਜ਼ਰਬਿਆਂ ਤੋਂ ਲਾਹਾ ਲੈ ਕੇ ਆਪਣੇ ਆਪ ਨੂੰ ਸਹੀ ਰਾਹ ਦਿਖਾ ਸਕਣ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵੱਲੋਂ ਸਰਕਾਰੀ ਕਾਲਜ ਰੂਪਨਗਰ ਅਤੇ ਐਨ.ਆਈ.ਆਈ.ਟੀ ਲਿਮ: (ਬੀ.ਐਫ.ਐਸ.ਆਈ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਐਚ.ਡੀ.ਐੱਫ.ਸੀ ਬੈਂਕ, ਯੈੱਸ ਬੈਂਕ) ਦੇ ਸਹਿਯੋਗ ਨਾਲ 11 ਅਗਸਤ ਨੂੰ ਸਵੇਰੇ 11 ਵਜੇ ਆਨ ਲਾਈਨ ਲਿੰਕ https://www.niit.com/india/BFSI/Webinar/DBE ਤੇ ਬੈਂਕਿੰਗ ਸੈਕਟਰ ਵਿੱਚ ਨੌਕਰੀਆਂ ਲੈਣ ਲਈ ਯੋਗ ਅਗਵਾਈ ਸਬੰਧੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵੈਬੀਨਾਰ ਵਿੱਚ ਮੁੱਖ ਤੌਰ ਤੇ ਡਾਕਟਰ ਅਲੋਕ ਮਲਹੋਤਰਾ ਸੀਨੀਅਰ ਮੈਨਟਰ ਐਨ.ਆਈ.ਆਈ.ਟੀ (30 ਸਾਲ ਤਜਰਬਾ ਬੈਕਿੰਗ ਖੇਤਰ ਵਿੱਚ) ਨੌਜਵਾਨਾਂ ਨੂੰ ਬੈਂਕਾਂ ਵਿੱਚ ਨੌਕਰੀਆਂ ਹਾਸਲ ਕਰਕੇ ਕੈਰੀਅਰ ਬਣਾਉਣ ਸਬੰਧੀ ਨੁਕਤੇ ਸਮਝਾਉਣਗੇ।
ਇਸ ਬਾਰੇ ਜਾਣਕਰੀ ਦਿੰਦਿਆਂ ਰਵਿੰਦਰ ਪਾਲ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਵੈਬੀਨਾਰਾਂ ਵਿੱਚ ਨੌਜ਼ਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਨਾਲ ਨਾਲ ਦੁਨੀਆਂ ਵਿੱਚ ਵਿਚਰਨ ਲਈ ਲੋੜੀਂਦੀਆਂ ਸਮਾਜਿਕ, ਨੈਤਿਕ ਅਤੇ ਮੁੱਢਲੀਆਂ ਲੋੜਾਂ ਬਾਰੇ ਵੀ ਗਿਆਨ ਮਿਲਦਾ ਹੈ। ਇਨ੍ਹਾਂ ਵੈਬੀਨਾਰਾਂ ਵਿੱਚ ਨੌਜਵਾਨਾਂ ਨੂੰ ਜਿੱਤਾਂ ਅਤੇ ਹਾਰਾਂ ਤੋਂ ਉੱਪਰ ਉੱਠਕੇ, ਲਗਨ ਅਤੇ ਮੇਹਨਤ ਦਾ ਰਾਹ ਅਪਣਾਉਂਦੇ ਹੋਏ, ਸੰਤੋਖ ਅਤੇ ਸਬਰ ਆਦਿ ਗੁਣ ਅਖਤਿਆਰ ਕਰਕੇ, ਇੱਕ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਦਗੀ ਦਾ ਅਸਲ ਉਦੇਸ਼ ਸਿਰਫ ਪੈਸਾ ਕਮਾਉਣਾ ਹੀ ਨਹੀਂ ਹੈ ਬਲਕਿ ਸਹੀ ਸਾਧਨਾਂ ਦਾ ਸਹਾਰਾ ਲੈਂਦੇ ਹੋਏ, ਸਭ ਨੂੰ ਸਹਿਯੋਗ ਦਿੰਦੇ ਹੋਏ ਅੱਗੇ ਵੱਧਣਾ ਹੈ। ਉਹਨਾਂ ਕਿਹਾ ਕਿ ਚਾਹਵਾਨ ਨੌਜਵਾਨ ਆਨ ਲਾਈਨ ਲਿੰਕ ਤੇ ਰਜਿਸਟਰ ਹੋਣ ਉਪਰੰਤ ਇਸ ਮੌਕੇ ਦਾ ਪੂਰਾ ਲਾਭ ਉਠਾ ਸਕਦੇ ਹਨ।