ਹਰੀਸ਼ ਕਾਲੜਾ
ਸ਼੍ਰੀ ਚਮਕੌਰ ਸਾਹਿਬ 10 ਅਗਸਤ 2020 : ਸ਼ਹਿਰੀ ਅਵਾਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਅਤੇ ਮਕਾਨ ਦੀ ਮੁਰੰਮਤ ਲਈ ਵਿੱਤੀ ਮਦਦ ਦਿੱਤੀ ਜਾਂਦੀ ਹੈ। ਸ਼੍ਰੀ ਚਮਕੌਰ ਸਾਹਿਬ ਵਿੱਚ ਲਗਭਗ 153.93 ਲੱਖ ਰੁਪਏ ਇਸ ਮੰਤਵ ਲਈ ਯੋਗ ਲਾਭਪਤਾਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਸ਼੍ਰੀ ਰਜਨੀਸ਼ ਸੂਦ ਈ.ਓ. ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਜੋ ਕਿ ਧਾਰਮਿਕ ਇਤਿਹਾਸਿਕ ਮਹਤੱਤਾ ਰੱਖਦਾ ਹੈ। ਜਿਸ ਨੂੰ ਸਰਕਾਰ ਵਲੋਂ ਧਾਰਮਿਕ ਅਤੇ ਪਵਿੱਤਰ ਸ਼ਹਿਰ ਵੀ ਘੋਸ਼ਿਤ ਕੀਤਾ ਗਿਆ ਹੈ। ਸਹਿਰ ਦੀ ਮਹੱਤਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਜਿਹਨਾਂ ਲੋਕਾਂ ਦੇ ਘਰ ਕੱਚੇ ਸਨ, ਉਹਨਾਂ ਸਬੰਧੀ ਸ਼ਹਿਰ ਵਿੱਚ ਇੱਕ ਸਰਵੈ ਕਰਵਾਇਆ ਗਿਆ। ਜਿਸ ਸਬੰਧੀ ਸ਼ਹਿਰ ਵਿਚੋਂ ਲਗਭਗ 433 ਫਾਰਮ ਕੱਚੇ ਮਕਾਨਾਂ ਦੇ ਪ੍ਰਾਪਤ ਹੋਏ ਸਨ, ਵੈਰੀਫਿਕੇਸ਼ਨ ਕਰਨ ਉਪਰੰਤ ਇਹਨਾਂ ਪ੍ਰਾਪਤ ਹੋਏ ਫਾਰਮਾਂ ਵਿੱਚੋਂ 152 ਕੇਸ ਪਾਸ ਕੀਤੇ ਗਏ ਸਨ। ਜਿਹਨਾਂ ਵਿੱਚ 137 ਲਾਭਪਾਤਰੀ ਅਜਿਹੇ ਸਨ ਜਿਹਨਾਂ ਦੇ ਘਰਾਂ ਦੀ ਹਾਲਤ ਜਿਆਦਾ ਖਸਤਾ ਸੀ ਅਤੇ ਇਹਨਾਂ ਦੁਆਰਾ ਨਵੇਂ ਮਕਾਨ ਦੀ ਉਸਾਰੀ ਕੀਤੀ ਜਾਣੀ ਸੀ ਅਤੇ 15 ਲਾਭਪਾਤਰੀ ਅਜਿਹੇ ਸਨ ਜਿਹਨਾਂ ਦੇ ਘਰਾਂ ਦੀਆਂ ਸਿਰਫ ਛੱਤਾਂ ਹੀ ਬਦਲੀਆਂ ਜਾਣੀਆਂ ਸਨ। ਇਸ ਸਬੰਧੀ ਸਰਕਾਰ ਵੱਲੋਂ ਨਵਾਂ ਬਣਾਉਣ ਲਈ 150000 ਲੱਖ ਰੁਪਏ ਅਤੇ ਜਿਹਨਾਂ ਦੀਆਂ ਸਿਰਫ ਛੱਤਾਂ ਬਦਲਣੀਆਂ ਹਨ ਉਹਨਾਂ ਨੂੰ 104700 ਰੁਪਏ ਸਰਕਾਰ ਮੁਹੱਈਆ ਕਰਵਾਏ ਜਾਣੇ ਸਨ। ਜੋ ਕਿ ਸਰਕਾਰ ਵਲੋਂ ਕਿਸ਼ਤਾਂ ਵਿੱਚ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣੇ ਸਨ। ਸਰਕਾਰ ਵਲੋਂ ਅੱਜ ਤਕ 3 ਕਿਸ਼ਤਾਂ ਮੁੱਹਈਆ ਕਰਵਾਈਆਂ ਗਈਆਂ ਹਨ, ਜੋ ਕਿ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਆਂ ਗਈਆ ਹਨ, ਜੋ ਕਿ ਲਗਭਗ 153.93 ਲੱਖ ਰੁਪਏ ਹਨ। ਇਸ ਤੋਂ ਇਲਾਵਾ ਜੋ ਕਿਸ਼ਤ ਰਹਿੰਦੀ ਹੈ ਉਹ ਵੀ ਜਲਦ ਤੋਂ ਜਲਦ ਸਰਕਾਰ ਵੱਲੋਂ ਮੁਹੱਈਆ ਕਰਵਾ ਦਿੱਤੀ ਜਾਵੇਗੀ ਅਤੇ ਫੰਡਜ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਸ਼ਹਿਰੀ ਯੋਜਨਾ ਸਕੀਮ ਤਹਿਤ ਅਜੇ ਵੀ ਦਫਤਰ ਵਿਖੇ ਫਾਰਮ ਜਮ੍ਹਾਂ ਕੀਤੇ ਜਾ ਰਹੇ ਹਨ।
ਈ.ਓ. ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰੀ ਵਾਤਾਵਰਣ ਸੁਧਾਰ ਸਕੀਮ ਫੇਜ-2 ਤਹਿਤ ਸ਼੍ਰੀ ਚਮਕੌਰ ਸਾਹਿਬ ਨੂੰ 6 ਵਿਕਾਸ ਦੇ ਕੰਮਾਂ ਸਬੰਧੀ 150.00 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ ਜਾਣੀ ਹੈ, ਜਿਸ ਸਬੰਧੀ ਟੈਂਡਰ ਲਗਾ ਦਿੱਤੇ ਗਏ ਹਨ ਅਤੇ ਗ੍ਰਾਂਟ ਆਉਣ ਉਪਰੰਤ ਜਲਦ ਹੀ ਕੰਮ ਸ਼ੁਰੂ ਕੀਤੇ ਜਾਣਗੇ।