4 ਪਸ਼ੂਆਂ ਦੇ ਸ਼ੈੱਡ ਦੇ ਨਿਰਮਾਣ ਲਈ 60,000 ਰੁਪਏ ਅਤੇ 6 ਪਸ਼ੂਆਂ ਦੇ ਸ਼ੈੱਡ ਲਈ 97,000 ਰੁਪਏ ਮਗਨਰੇਗਾ ਅਧੀਨ ਦਿੱਤਾ ਜਾਂਦਾ ਹੈ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 10 ਅਗਸਤ 2020 :ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਗਰੀਬ ਤਬਕੇ ਦੇ ਲੋਕਾਂ ਜੋ ਕਿ ਸੂਰ , ਬੱਕਰੀ ਜਾਂ ਲਵੇਰੇ ਪਸ਼ੂ ਪਾਲਦੇ ਹਨ, ਇਨ੍ਹਾਂ ਪਸ਼ੂਆਂ ਦੇ ਲਈ ਸ਼ੈੱਡ ਪਾਉਣ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਅਧੀਨ ਹਰ ਬਲਾਕ ਦੇ 5 ਪਿੰਡਾਂ ਵਿੱਚ ਸ਼ੈੱਡ ਬਣਾਏ ਜਾਣੇ ਹਨ। ਮਗਨਰੇਗਾ ਦੀ ਇਸ ਸਕੀਮ ਤਹਿਤ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਾਲ 2020-21 ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਦੇ ਹਰ ਪਿੰਡ ਵਿੱਚ 5 ਲਾਭਪਾਤਰੀਆਂ ਦੇ ਸ਼ੱੈਡ ਬਣਾਏ ਜਾਣੇ ਸਨ। ਇਸ ਸਕੀਮ ਅਧੀਨ 125 ਕੈਟਲ ਸ਼ੈੱਡਾਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤਅਫਸਰ ਸ.ਚੰਦ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਨਾਲ ਲੋਕਾਂ ਦੀ ਆਰਥਿਕ ਸਮੱਸਿਆ ਦਾ ਹੱਲ ਹੋਣ ਦੇ ਨਾਲ ਨਾਲ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਲਾਭਪਾਤਰੀ ਨੂੰ ਸਕੀਮ ਵਿੱਚ ਦਰਜ ਸ਼ਡਿਊਲ ਅਨੁਸਾਰ ਲਾਭ ਦਿੱਤਾ ਜਾ ਸਕਦਾ ਹੈ॥ ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਐਸ.ਸੀ., ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਲੋਕਾਂ ,ਅਪੰਗ ਅਤੇ ਪੀ.ਐਮ.ਏ.ਵਾਈ. ਅਧੀਨ ਦਿੱਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸਕੀਮ ਤਹਿਤ 4 ਪਸ਼ੂਆਂ ਦੇ ਸ਼ੈੱਡ ਦੇ ਨਿਰਮਾਣ ਲਈ 60,000 ਰੁਪਏ ਅਤੇ 6 ਪਸ਼ੂਆਂ ਦੇ ਸ਼ੈੱਡ ਲਈ 97,000 ਰੁਪਏ ਮਗਨਰੇਗਾ ਅਧੀਨ ਦਿੱਤਾ ਜਾਂਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ, ਕਿ ਲੋਕਾਂ ਦੇ ਪਸ਼ੂ ਧੁੱਪਾਂ ਅਤੇ ਬਰਸਾਤਾਂ ਵਿੱਚ ਖੜ੍ਹੇ ਰਹਿੰਦੇ ਸਨ। ਪਸ਼ੂ ਸ਼ੈੱਡਾਂ ਦੇ ਨਿਰਮਾਣ ਨਾਲ ਪਸ਼ੂਆਂ ਨੂੰ ਬਰਸਾਤ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਰਿਹਾ ਹੈ। ਇਸ ਨਾਲ ਮਗਨਰੇਗਾ ਜ਼ੋਬ ਕਾਰਡ ਹੋਲਡਰਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਆ ਰਿਹਾ ਹੈ।