ਸਿੱਖਿਆ ਦੇ ਵਿਕਾਸ ਨਾਲ ਹੀ ਸੂਬੇ ਦਾ ਆਰਥਿਕ ਵਿਕਾਸ ਸੰਭਵ
ਸਿੱਖਿਆ ਦੇ ਵਿਕਾਸ ਬਗੈਰ ਕਿਸੇ ਵੀ ਦੇਸ਼ ਜਾਂ ਸੂਬੇ ਦਾ ਆਰਥਿਕ ਅਤੇ ਸਮਾਜਿਕ ਵਿਕਾਸ ਸੰਭਵ ਨਹੀਂ ਹੈ। ਵਿਸ਼ਵ ਦੇ ਕਿਸੇ ਵੀ ਵਿਕਸਿਤ ਮੁਲਕ ਦੀ ਉਦਾਹਰਨ ਦੇਖੋ ਤਾਂ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਉਂਦੀ ਹੈ, ਕਿ ਉਸ ਦੇਸ਼ ਨੇ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆ ਕੇ, ਸਿੱਖਿਆ ਦਾ ਯੋਜਨਾਬੱਧ ਤਰੀਕੇ ਨਾਲ ਠੋਸ ਵਿਕਾਸ ਕੀਤਾ ।ਜਿਸ ਨਾਲ ਮਨੁੱਖੀ ਸਰੋਤ ਗੁਣਾਤਮਕ ਸਿੱਖਿਆ ਗ੍ਰਹਿਣ ਕਰਕੇ ਮਾਨਸਿਕ ,ਸਰੀਰਕ, ਸਮਾਜਿਕ, ਭਾਵਨਾਤਮਕ ਤੌਰ ਤੇ ਮਜ਼ਬੂਤ ਹੋ ਕੇ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ ।ਕੁਸ਼ਲ ਮਨੁੱਖੀ ਸਰੋਤ ਮਾੜੇ ਹਾਲਾਤਾਂ ਵਿੱਚ ਵੀ ਦੇਸ਼ ਨੂੰ ਤਰੱਕੀ ਦੇ ਰਸਤੇ ਲਿਜਾਣ ਦੀ ਸਮਰੱਥਾ ਰੱਖਦੇ ਹਨ ।ਇਸ ਦੀ ਸਭ ਤੋਂ ਵੱਡੀ ਉਦਾਹਰਨ ਵਿਸ਼ਵ ਦੇ ਸਾਹਮਣੇ ਹੈ, ਦੂਸਰੀ ਵਿਸ਼ਵ ਜੰਗ ਤੋਂ ਬਾਅਦ ਜਾਪਾਨ ਜਰਮਨੀ ਅਤੇ ਇਟਲੀ ਵਰਗੇ ਦੇਸ਼ਾਂ ਦੀ ਭਿਅੰਕਰ ਤਬਾਹੀ ਸਭ ਨੇ ਦੇਖੀ। ਪ੍ਰਮਾਣੂ ਧਮਾਕੇ ਤੋਂ ਬਾਅਦ ਜਾਪਾਨ ਦਾ ਦੁਬਾਰਾ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਕਿਸੇ ਨੇ ਵੀ ਨਹੀਂ ਸੋਚਿਆ ਸੀ ।ਪ੍ਰੰਤੂ ਕੁਸ਼ਲ, ਮਿਹਨਤੀ ,ਠੋਸ ਪ੍ਰਬੰਧਨ ਸ਼ਕਤੀ ,ਮਾਨਸਿਕ ਤੌਰ ਤੇ ਮਜ਼ਬੂਤ ਅਤੇ ਪੜ੍ਹੇ ਲਿਖੇ ਮਨੁੱਖੀ ਸਰੋਤ ਦੀ ਬਦੌਲਤ ਅੱਜ ਇਹ ਮੁਲਕ ਵਿਸ਼ਵ ਦੇ ਮੋਹਰੀ ਮੁਲਕਾਂ ਵਿੱਚ ਆਉਂਦੇ ਹਨ। ਜਦਕਿ ਅਨੇਕਾਂ ਵਿਕਾਸਸ਼ੀਲ ਅਤੇ ਇਹ ਅਵਿਕਸਿਤ ਦੇਸ਼ ਚੰਗੇ ਹਾਲਾਤਾਂ ਦੇ ਬਾਵਜੂਦ ਇਕ ਅਕੁਸ਼ਲ ਅਤੇ ਅਨਪੜ੍ਹ ਮਨੁੱਖੀ ਸਰੋਤਾਂ ਦੇ ਕਾਰਨ ਤਰੱਕੀ ਦੀ ਰਫ਼ਤਾਰ ਨਹੀਂ ਪਕੜ ਸਕੇ। ਕਹਿਣ ਤੋਂ ਭਾਵ ਜੇ ਕੋਈ ਵੀ ਦੇਸ਼ ਜਾਂ ਸੂਬਾ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੁੰਦਾ ਹੈ, ਤਾਂ ਪਹਿਲਾਂ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਪਵੇਗਾ ਅਤੇ ਕੁਸ਼ਲ ਮਨੁੱਖੀ ਸਰੋਤ ਦੀ ਮਹੱਤਤਾ ਨੂੰ ਸਮਝਣਾ ਹੋਵੇਗਾ ।ਅਰਥਾਤ ਸਿੱਖਿਆ ਦਾ ਇੱਕ ਇਨਸਾਨ ਦੇ ਨਿੱਜੀ ਵਿਕਾਸ ਤੋਂ ਲੈ ਕੇ ਪੂਰੇ ਮੁਲਕ ਦੇ ਸਮੁੱਚੇ ਵਿਕਾਸ ਤੱਕ ਵਡਮੁੱਲਾ ਯੋਗਦਾਨ ਹੁੰਦਾ ਹੈ।
ਮੌਜੂਦਾ ਦੌਰ ਵਿੱਚ ਜੇ ਪੰਜਾਬ ਦੇ ਸਿੱਖਿਆ ਢਾਂਚੇ ਦੀ ਗੱਲ ਕਰੀਏ ਤਾਂ ਸਿੱਖਿਆ ਨਾਲ ਸਬੰਧਤ ਅੰਕੜੇ ਸੁਖਦ ਅਹਿਸਾਸ ਕਰਵਾਉਂਦੇ ਹਨ। ਪੂਰੇ ਵਿਸ਼ਵ ਦੇ ਵਿੱਚ ਹਰ ਕਿਸਮ ਦੀ ਤਰੱਕੀ ਨੂੰ ਮਾਪਨ ਦਾ ਆਧਾਰ ਅੱਜ ਵੀ ਅੰਕੜਿਆਂ ਨੂੰ ਹੀ ਮੰਨਿਆ ਜਾਂਦਾ ਹੈ ।ਜੇ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਪ੍ਰਾਇਮਰੀ ,ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਿੱਖਿਆ ਦੇ ਸਾਲ 2019-20 ਦੇ ਸਲਾਨਾ ਨਤੀਜੇ ਅਤੇ ਵਿਦਿਅਕ ਸੈਸ਼ਨ 2020-21ਲਈ ਸਰਕਾਰੀ ਸਕੂਲਾਂ ਚ ਹੋਏ ਨਵੇਂ ਦਾਖ਼ਲੇ ਦੇ ਅੰਕੜਿਆਂ ਤੇ ਨਿਗਾਹ ਮਾਰੀਏ ਤਾਂ ਸਿੱਧੇ ਤੌਰ ਤੇ ਲੱਗਦਾ ਹੈ ਕਿ ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਹੋਇਆ ਹੈ। ਆਮ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫੇਰ ਲੰਬੇ ਅਰਸੇ ਬਾਅਦ ਸਰਕਾਰੀ ਸਕੂਲਾਂ ਵਿੱਚ ਬਣਿਆ ਹੈ ।ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਦੋਂ 12ਵੀ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਤਾਂ ਸਰਕਾਰੀ ਸਕੂਲਾਂ ਦੀ ਬਿਹਤਰ ਕਾਰਜਗਾਰੀ ਸਾਹਮਣੇ ਆਈ । ਸਿੱਖਿਆ ਬੋਰਡ ਨਾਲ ਸਬੰਧਤ 04 ਕਿਸਮ ਦੇ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 94.32 ਪ੍ਰਤੀਸ਼ਤ ਰਹੀ , ਜਦਕਿ ਐਫੀਲੇਟਿਡ ਪ੍ਰਾਈਵੇਟ ਸਕੂਲਾਂ ਦੀ ਪਾਸ ਪ੍ਰਤੀਸ਼ਤ 91.84, ਐਸੋਸੀਏਟ ਸਕੂਲਾਂ ਦੀ 87.04 ਪ੍ਰਤੀਸ਼ਤ , ਅਤੇ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤ 91.03 ਰਹੀ।
ਇਸ ਤੋਂ ਬਾਅਦ ਜੇ ਨਵੇਂ ਵਿੱਦਿਅਕ ਸੈਸ਼ਨ ਦੀ ਗੱਲ ਕਰੀਏ ਤਾਂ ਕੌਵਿਡ-19 ਦੇ ਕਾਰਨ 22 ਮਾਰਚ ਨੂੰ ਲੱਗੇ ਲਾਕਡਾਉਨ ਦੇ ਦੋਰਾਨ ਹੀ ਜਦੋਂ 01ਅਪ੍ਰੈਲ 2020 ਨੂੰ ਨਵੇਂ ਵਿੱਦਿਅਕ ਸੈਸ਼ਨ ਦੇ ਦਾਖ਼ਲੇ ਸ਼ੁਰੂ ਹੋਏ ਤਾਂ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਬਣਦਾ ਨਜ਼ਰ ਆਇਆ ।ਸਾਲ 2019-20 ਦੇ ਮੁਕਾਬਲੇ ਚਾਲੂ ਸੈਸ਼ਨ ਦੌਰਾਨ ਪ੍ਰੀ ਪ੍ਰਾਇਮਰੀ ਤੋਂ 12ਵੀ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ 23.52 ਲੱਖ ਤੋਂ ਵੱਧ ਕੇ 26.69 ਲੱਖ ਹੋ ਕੇ 13.49 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਸੂਬੇ ਦੇ ਕੁੱਲ 19175 ਸਰਕਾਰੀ ਸਕੂਲ, ਜਿਹਨਾਂ ਵਿੱਚ 12857 ਪ੍ਰਾਇਮਰੀ , 2658 ਮਿਡਲ, 2699 ਹਾਈ ਅਤੇ 1961 ਸੀਨੀਅਰ ਸੈਕੰਡਰੀ ਸਕੂਲਾਂ ਦੀ ਸੁਧਰੀ ਸਥਿਤੀ ਦਾ ਨਤੀਜਾ ਹੈ ।
ਇਹ ਬਿਹਤਰ ਅੰਕੜੇ ਜਿੱਥੇ ਗਿਣਾਤਮਕ ਪੱਖ ਨੂੰ ਬੇਹਤਰ ਦਿਖਾ ਰਹੇ ਹਨ ।ਉੱਥੇ ਆਮ ਲੋਕਾਂ ਦਾ ਵਿਸ਼ਵਾਸ ਸਕੂਲਾਂ ਵਿੱਚ ਹੋਏ ਗੁਣਾਤਮਿਕ ਸੁਧਾਰਾਂ ਦੇ ਕਾਰਨ ਬਣਿਆ ਹੈ। ਇਹ ਸੁਧਾਰ ਜਿੱਥੇ ਸਕੂਲ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹਨ। ਉੱਥੇ ਰਾਜ ਪੱਧਰ ਤੇ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ ਏ ਐੱਸ ਵੱਲੋਂ ਦੂਰ ਅੰਦੇਸ਼ੀ ਸੋਚ ਨਾਲ ਕੀਤੀ ਠੋਸ ਯੋਜਨਾਬੰਦੀ ਅਤੇ ਸਿੱਖਿਆ ਵਿਕਾਸ ਲਈ ਸਖ਼ਤ ਮਿਹਨਤ ਨਾਲ ਚੁੱਕੇ ਕ੍ਰਾਂਤੀਕਾਰੀ ਕਦਮਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਨੇ ਜਿੱਥੇ ਵਿਦਿਆਰਥੀਆਂ ਅਧਿਆਪਕਾਂ ਸਕੂਲਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਿੱਚ ਬਿਹਤਰ ਨਤੀਜੇ ਦੇਣ ਲਈ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ,ਉੱਥੇ ਪੜ੍ਹਾਈ ਨੂੰ ਰੌਚਕ ਬਣਾਉਣ ਲਈ ਵਿਗਿਆਨ ਮੇਲੇ , ਗਣਿਤ ਮੇਲੇ ,ਸਮਾਜਿਕ ਸਿਖਿਆ ਵਿਸ਼ੇ ਦੇ ਮੇਲੇ ਲਗਾ ਕੇ ਵਿਦਿਆਰਥੀਆਂ ਦੇ ਨਾਲ ਨਾਲ ਸਮਾਜ ਨੂੰ ਵੀ ਸਰਕਾਰੀ ਸਕੂਲਾਂ ਨਾਲ ਜੋੜਨ ਦਾ ਕੰਮ ਕੀਤਾ ।ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਦਾ ਯਤਨ ਹੋਇਆ ।ਰਾਜ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਵਿਦਿਆਰਥੀਆਂ ਦਾ ਮਾਇਕਰੋ ਵਿਸ਼ਲੇਸ਼ਣ ਹੋਣ ਲੱਗਾ ।ਜਿਸ ਦੇ ਨਤੀਜੇ ਵਜੋਂ ਮਿਸ਼ਨ ਸ਼ੱਤ ਪ੍ਰਤੀਸ਼ਤ ਸ਼ੁਰੂ ਕੀਤਾ ਗਿਆ। ਸਿੱਖਿਆ ਸਕੱਤਰ ਆਪ ਹਰ ਜ਼ਿਲ੍ਹੇ ਵਿੱਚ ਪਹੁੰਚ ਕੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਿਸ਼ਨ ਦੀ ਸਫਲਤਾ ਲਈ ਪ੍ਰੇਰਿਤ ਕਰਨ ਲੱਗੇ । ਸਖ਼ਤ ਸੁਭਾਅ ਵਜੋਂ ਜਾਣੇ ਜਾਂਦੇ ਅਧਿਕਾਰੀ ਦਾ ਰਵੱਈਆ ਬੇਹੱਦ ਪ੍ਰੇਰਨਾਦਾਇਕ ਨਜਰ ਆਇਆ । ਦੂਰ ਦੁਰਾਡੇ ਦੇ ਸਰਹੱਦੀ ਖੇਤਰ, ਕੰਢੀ, ਬੇਟ ਅਤੇ ਦਰਿਆਵਾਂ ਦੇ ਕੰਢਿਆਂ ਤੇ ਸਥਿਤ ਸਕੂਲਾਂ ਵਿੱਚ ਪਹੁੰਚ ਕੇ, ਆਪ ਕਲਾਸਾਂ ਵਿੱਚ ਪੜ੍ਹਾਉਣ ਲੱਗਦੇ। ਬੱਚਿਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਦੇ ਅਤੇ ਮੌਕੇ ਤੇ ਹੀ ਹੱਲ ਕਰਦੇ । ਚੰਗੀ ਕਾਰਜ਼ਗਾਰੀ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਜਨਤਕ ਤੌਰ ਤੇ ਖ਼ੂਬ ਪ੍ਰਸ਼ੰਸਾ ਕਰਦੇ। ਜਿਸ ਦੇ ਬੇਹੱਦ ਸਾਰਥਕ ਨਤੀਜੇ ਨਿਕਲੇ ।
ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਨੇ ਜਿੱਥੇ ਸਕੂਲਾਂ ਦੀ ਦਿੱਖ ਸੁੰਦਰ ਬਣਾਈ ਉੱਥੇ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵੀ ਸਕੂਲਾਂ ਨਾਲ ਜੋੜਨ ਵਿੱਚ ਸਫ਼ਲਤਾ ਹਾਸਲ ਕੀਤੀ ।ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਹੋਣ ਲੱਗੀ, ਵਿਦਿਆਰਥੀਆਂ ਦੀਆਂ ਵਰਦੀਆਂ ਨਿੱਜੀ ਸਕੂਲਾਂ ਦੀ ਤਰਜ਼ ਤੇ ਬਣਨ ਲੱਗੀਆਂ ,ਬਾਲਾ ਵਰਕ, ਈ ਕੰਟੈਂਟਸ, ਹਰ ਸਕੂਲ ਵਿੱਚ ਐਲ.ਈ.ਡੀ, ਲਾਇਬ੍ਰੇਰੀ ਦੀ ਸਥਾਪਨਾ ਅਤੇ ਕਲਾਸ ਰੂਮ ਵਿੱਚ ਪ੍ਰੋਜੈਕਟਰ ਲੱਗਣ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਗਈ।
ਸਹਿਪਾਠੀ ਕਿਰਿਆਵਾਂ ਪੜ੍ਹਾਈ ਦਾ ਅਨਿੱਖੜਵਾਂ ਅੰਗ ਹਨ। ਵਿਦਿਆਰਥੀ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਕੱਢਣ ਅਤੇ ਉਸ ਦੇ ਸਰਬਪੱਖੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਪਿਛਲੇ ਕੁਝ ਸਮੇਂ ਵਿੱਚ ਜਿਸ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸਕੂਲਾਂ ਵਿੱਚ ਇਹ ਕਿਰਿਆਵਾਂ ਸਕੂਲ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਆਯੋਜਿਤ ਹੋਈਆਂ, ਉਸੇ ਹੀ ਰਫਤਾਰ ਨਾਲ ਵਿਦਿਆਰਥੀ ਸਕੂਲ ਨਾਲ ਜੁੜਦੇ ਗਏ ,ਗੈਰ ਹਾਜਰੀ ਅਤੇ ਡਰਾਪ ਆਉਟ ਦਰ ਤੇਜ਼ੀ ਨਾਲ ਘੱਟਣ ਲੱਗੀ ।
ਲਾਕਡਾਊਨ ਦੌਰਾਨ ਆਨਲਾਈਨ ਪੜ੍ਹਾਈ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦਾ ਚੈਲੇਂਜ ਇਸ ਸੰਕਟ ਦੀ ਘੜੀ ਵਿੱਚ ਨਾ ਸਿਰਫ਼ ਵਿਭਾਗ ਨੇ ਕਬੂਲ ਕੀਤਾ, ਬਲਕਿ ਜੁਲਾਈ ਟੈਸਟ ਵਿੱਚ ਵਿਦਿਆਰਥੀਆਂ ਦੀ ਉਮੀਦ ਤੋਂ ਕਿਤੇ ਵੱਧ ਭਾਗੀਦਾਰੀ ਨੇ ਇਸ ਦੀ ਸਫਲਤਾ ਦਾ ਬਹੁਤ ਵੱਡਾ ਸਬੂਤ ਦਿੱਤਾ ।
ਸਰਕਾਰੀ ਸਕੂਲ ਸਿੱਖਿਆ ਵਿੱਚ ਹੋ ਰਹੇ ਕ੍ਰਾਂਤੀਕਾਰੀ ਬਦਲਾਅ ਸਮੁੱਚੇ ਪੰਜਾਬ ਲਈ ਸ਼ੁੱਭ ਸੰਕੇਤ ਹਨ। ਇਸ ਸੁਧਾਰਵਾਦੀ ਰਫਤਾਰ ਨੂੰ ਬਣਾਈ ਰੱਖਣ ਲਈ ਪੰਜਾਬ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ,ਬੁੱਧੀਜੀਵੀ ਵਰਗ ਅਤੇ ਮਾਪਿਆਂ ਦਾ ਸਹਿਯੋਗ ਅਤੇ ਤਾਲਮੇਲ ਬੇਹੱਦ ਜਰੂਰੀ ਹੈ।