ਮੀਟਿੰਗ ਦੌਰਾਨ ਸ. ਕੰਵਰਪਾਲ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਪਾਲ ਸਿੰਘ ਬਲੇਰ ਅਤੇ ਹੋਰ।
ਅੰਮ੍ਰਿਤਸਰ, 10 ਅਗਸਤ 2020: ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਸਾਂਝੇ ਤੌਰ 'ਤੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਅਤੇ ਪੰਜਾਬ ਦੀ ਅਜ਼ਾਦੀ ਦਾ ਹੋਕਾ ਦੇਣ ਲਈ 15 ਅਗਸਤ ਵਾਲ਼ੇ ਦਿਨ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਰੋਹ-ਭਰਪੂਰ ਮੁਜ਼ਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਅੱਜ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ 'ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਮੀਟਿੰਗ 'ਚ ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਵੀ ਸ਼ਾਮਲ ਸਨ। ਇਸ ਮੌਕੇ ਸ. ਕੰਵਰਪਾਲ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਸਾਡੇ ਸੰਘਰਸ਼ ਦਾ ਹਿੱਸਾ ਬਣਨ।
ਫ਼ੈਡਰੇਸ਼ਨ ਅਾਗੂ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਫ਼ੈਡਰਸ਼ਨ ਦੇ ਕਾਰਕੁੰਨ ਵੱਧ-ਚੜ੍ਹ ਕੇ ਇਹਨਾਂ ਪ੍ਰਦਰਸ਼ਨਾਂ 'ਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ 1947 ਤੋਂ ਸਿੱਖਾਂ ਨਾਲ ਜ਼ੁਲਮ, ਧੱਕੇ, ਬੇਇਨਸਾਫ਼ੀਆਂ, ਵਿਤਕਰੇ ਬਾ-ਦਸਤੂਰ ਜਾਰੀ ਹਨ। 15 ਅਗਸਤ ਸਿੱਖ ਕੌਮ ਲਈ ਅਜ਼ਾਦੀ ਦਾ ਨਹੀਂ, ਬਲਕਿ ਬਰਬਾਦੀ ਦਾ ਦਿਨ ਹੈ। ਇਸ ਦਿਨ ਅਸੀਂ ਇੱਕ ਗ਼ੁਲਾਮੀ 'ਚੋਂ ਨਿਕਲ ਕੇ ਦੂਜੀ ਗ਼ੁਲਾਮੀ 'ਚ ਜਕੜੇ ਗਏ ਸਾਂ, 1984 'ਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੇ ਭਾਰਤ ਅਤੇ ਸਿੱਖਾਂ ਵਿਚਾਲੇ ਇੱਕ ਲਕੀਰ ਖਿੱਚ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਪੰਥਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੇ ਚਾਰ ਪ੍ਰਮੁੱਖ ਮੁੱਦੇ ਹਨ ਜਿਨ੍ਹਾਂ ਵਿੱਚ ਯੂ.ਏ.ਪੀ.ਏ. ਤਹਿਤ ਸਿੱਖ ਨੌਜਵਾਨਾਂ ਦੀਆਂ ਅੰਨ੍ਹੇਵਾਹ ਗ੍ਰਿਫਤਾਰੀਆਂ, 9 ਸਿੱਖਾਂ ਨੂੰ ਭਾਰਤੀ ਕਾਲ਼ੇ ਕਨੂੰਨ ਤਹਿਤ ਅੱਤਵਾਦੀ ਗਰਦਾਨਣਾ, ਰਾਜਨੀਤਿਕ ਕੈਦੀਆਂ ਨੂੰ ਰਿਹਾਅ ਨਾ ਕਰਨਾ ਅਤੇ ਮੋਦੀ ਹਕੂਮਤ ਦੇ ਕਿਸਾਨ-ਵਿਰੋਧੀ ਖੇਤੀ ਆਰਡੀਨੈਂਸ ਸ਼ਾਮਲ ਹਨ। ਇਸ ਮੌਕੇ ਹਰਵਿੰਦਰ ਸਿੰਘ ਹਰਮੋਏ, ਗੁਰਪ੍ਰੀਤ ਸਿੰਘ ਖੁੱਡਾ, ਸੁਖਚੈਨ ਸਿੰਘ ਗੋਪਾਲਾ ਆਦਿ ਹਾਜ਼ਰ ਸਨ।