ਅਸ਼ੋਕ ਵਰਮਾ
ਬਠਿੰਡਾ, 10 ਅਗਸਤ 2020: ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੀ ਕਾਰਜਕਾਰਨੀ ਦੀ ਮੀਟਿੰਗ ਕਰੋਨਾ ਸੰਕਟ ਸਬੰਧੀ ਨਿਯਮਾਂ ਦਾ ਪਾਲਣ ਕਰਦਿਆਂ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਦੀ ਪ੍ਰਧਾਨਗੀ ਹੇਠਬਠਿੰਡਾ ਵਿਖੇ ਹੋਈ। ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ ਨੇ ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਕੁਝ ਏਜੰਡੇ ਰੱਖੇ। ਸੁਰਿੰਦਰਪ੍ਰੀਤ ਘਣੀਆ ਅਮਰਜੀਤ ਕੌਰ ਹਰੜ, ਭੁਪਿੰਦਰ ਸੰਧੂ, ਦਵੀ ਸਿੱਧੂ, ਡਾ. ਅਜੀਤਪਾਲ ਸਿੰਘ, ਪਿੰ. ਜਗਮੇਲ ਸਿੰਘ ਜਠੌਲ, ਅਮਰਜੀਤ ਪੇਂਟਰ , ਰਾਮ ਦਿਆਲ ਸੇਖੋਂ, ਭੁਪਿੰਦਰ ਜੈਤੋ , ਗੁਰਸੇਵਕ ਚੁੱਘੇ ਖੁਰਦ ਨੇ ਮਤਿਆਂ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਘੇ ਵਿਅੰਗ ਲੇਖਕ ਬਲਦੇਵ ਆਜ਼ਾਦ, ਸੁਖਦੇਵ ਮਾਦਪੁਰੀ, ਕਹਾਣੀਕਾਰ ਜੋਰਾ ਸਿੰਘ ਸੰਧੂ, ਹਮਦਰਦਵੀਰ ਨੌਸ਼ਹਿਰਵੀ, ਉੱਘੇ ਸਾਹਿਤ ਚਿੰਤਕ ਪ੍ਰੋ. ਗੁਰਬਚਨ ਸਿੰਘ ਨਰੂਆਣਾ,ਪ੍ਰਵਾਸੀ ਵਿਅੰਗ ਲੇਖਕ ਇੰਦਰਜੀਤ ਜੀਤ , ਗੁਲਜ਼ਾਰ ਦੇਹਲਵੀ, ਜੀਵਨ ਰਾਮਪੁਰੀ, ਯੁਵਾ ਕਵਿੱਤਰੀ ਗੁਰਪ੍ਰੀਤ ਗੀਤ,ਪ੍ਰੋ. ਰਕੇਸ਼ ਰਮਨ ਅਤੇ ਦਰਸ਼ਨ ਦਰਸ਼ੀ ਦੇ ਸਦੀਵੀ ਵਿਛੋੜੇ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸਭਾ ਵੱਲੋਂ 13 ਅਗੱਸਤ , ਦਿਨ ਵੀਰਵਾਰ, ਦੁਪਹਿਰ 12 ਵਜੇ ਆਨ ਲਾਈਨ ਕਵੀ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਸਭਾ ਨਾਲ ਜੁੜੇ ਕਵੀਆਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਕੁਝ ਸ਼ਾਇਰ ਵੀ ਭਾਗ ਲੈਣਗੇ। ਕਵੀਆਂ ਨੇ ਲੋਕ ਕਵੀ ਵਰਵਰਾ ਰਾਓ, ਆਨੰਦ ਤੇਲਤੁੰਬੜੇ, ਅਰੁਣ ਫਰੇਰਾ,ਨੱਬੇ ਪਰਸੈਂਟ ਅਪਾਹਜ ਕਵੀ ਜੀ. ਐਨ. ਸਾਈਂਬਾਬਾ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਵਰਨਨ ਗੋਜਾਵਲੇ, ਸੋਮਾ ਸੇਨ, ਸੁਧੀਰ ਧਾਵਲੇ, ਰੈਨਾ ਵਿਲਸ਼ਨ, ਮਹੇਸ਼ ਰਾਉੰਤ, ਮੀਰਾਂ ਹੈਦਰ ਆਦਿ ਕੁੱਲ ਪੰਦਰਾਂ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਜੇਲਾਂ ਵਿੱਚ ਬੰਦੀ ਬਣਾ ਕੇ ਰੱਖਣ ਦੀ ਸਭਾ ਵੱਲੋੰ ਨਿਖੇਧੀ ਕਰਦਿਆਂ ਕਵੀਆਂ, ਚਿੰਤਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ।
ਇੱਕ ਹੋਰ ਮਤੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਸੰਵਿਧਾਨ ਦੀ ਧਾਰਾ 370 ਅਤੇ 35 ਖਤਮ ਕਰਕੇ ਖੁਦਮੁੱਖਤਿਆਰੀ ਦੇ ਸੰਵਿਧਾਨਕ ਹੱਕ ਖੋਹਣ ਅਤੇ ਭਾਰਤੀ ਸੰਵਿਧਾਨ ਦੀ ਨਿਰਪੱਖਤਾ ਦੀ ਨੀਤੀ ਤੇ ਹਮਲਾ ਕਰਕੇ ਫਾਸੀ ਏਜੰਡੇ ਨੂੰ ਲਾਗੂ ਕਰਨ ਦੀ ਨਿੰਦਾ ਕਰਦਿਆਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਲਈ ਕਿਹਾ ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਯੋਗਰਾਜ (ਡਾ.) ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਨਣ ਤੇ ਉਨਾਂ ਨੂੰ ਵਧਾਈ ਦਿੱਤੀ ਹੈ। ਸਲਾਹਕਾਰ ਪਿ੍ਰੰਸੀਪਲ ਜਗਮੇਲ ਸਿੰਘ ਜਠੌਲ ਨੇ ਹਾਜਰੀਨ ਦਾ ਧੰਨਵਾਦ ਕੀਤਾ ।