ਅਸ਼ੋਕ ਵਰਮਾ
ਬਠਿੰਡਾ, 10 ਅਗਸਤ 2020: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਖੇਤੀ ਆਰਡੀਨੈਂਸਾਂ ਖਿਲਾਫ ਰੋਸ ਮਾਰਚ ਕਰਨ ਦਾ ਯਤਨ ਕਰ ਰਹੇ ਕਿਸਾਨਾਂ ਦੀ ਪੁਲਿਸ ਨੇ ਖਿੱਚ ਧੂਹ ਕੀਤੀ। ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਕਿਸਾਨਾਂ ਨੇ ਪੁਲਿਸ ਨੂੰ ਅੱਗੇ ਲਾਈ ਰੱਖਿਆ। ਇਸ ਮੌਕੇ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਐਲਾਨ ਕੀਤਾ ਕਿ ਉਹ ਗਿ੍ਰਫਤਾਰ ਹੋਏ ਬਿਨਾਂ ਵਾਪਿਸ ਨਹੀਂ ਜਾਣਗੇ ਇਸ ਲਈ ਪੁਲਿਸ ਬਣਦੀ ਕਾਰਵਾਈ ਕਰਕੇ ਉਨਾਂ ਨੂੰ ਜੇਲ ਭੇਜੇ। ਇਸ ਤੋਂ ਪਹਿਲਾਂ ਬਾਰਸ਼ ਕਾਰਨ ਕਿਸਾਨਾਂ ਨੇ ਖੇਡ ਸਟੇਡੀਅਮ ’ਚ ਇਕੱਠ ਕੀਤਾ ਅਤੇ ਸਰਕਾਰਾਂ ਖਿਲਾਫ ਭੜਾਸ ਕੱਢੀ।ਧਰਨੇ ਦਾ ਮਕਸਦ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣਾ ਸੀ ਜਿਸ ਵਿੱਚ ਜਿਲੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਬਲਾਕਾਂ ਦੇ ਆਗੂਆਂ ਨੇ ਹਿੱਸਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਾਕਾ ਸਿੰਘ ਕੋਟੜਾ,ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸਰਕਾਰ ਨੇ ਕਿਸਾਨੀ ਕਿੱਤੇ ਖਤਮ ਕਰਨ ਦੀਆਂ ਆਪਣੀਆਂ ਕੁਚਾਲਾਂ ਦੀ ਹੱਦ ਕਰ ਦਿੱਤੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨਾਲ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਖੇਤੀ ਆਰਡੀਨੈਸ ਲਾਗੂ ਕਰਕੇ ਖਰੀਦ ਕਰਨ ਤੋਂ ਅਤੇ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆ ਖਤਮ ਕਰਨ ਦੀ ਵਿਉਂਤ ਬਣਾਈ ਹੈ ਜਿਸ ਨੂੰ ਕਿਸਾਨ ਲਾਗੂ ਨਹੀਂ ਹੋਣ ਦੇਣਗੇ। ਸਰਕਾਰੀ ਪੂਲ ਵਿੱਚ 70% ਅਨਾਜ ਦੇਣ ਵਾਲੇ ਕਿਸਾਨੀ ਦੀ ਫਸਲ ਦੇ ਘੱਟੋ ਘੱਟ ਭਾਅ ਖਤਮ ਕਰਕੇ ਖੁੱਲੀ ਮਾਰਕੀਟ ਵਿੱਚ ਸਿਰਫ ਵਪਾਰੀ ਦੇ ਹਵਾਲੇ ਕੀਤਾ ਜਾ ਰਿਹਾ ਹੈ ਜੋ ਕਿਸਾਨਾਂ ਨੂੰ ਕਤਈ ਵੀ ਮਨਜ਼ੂਰ ਨਹੀਂ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀਯੋਗ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਕਰਨ ਤੇ ਅਪੀਲ, ਵਕੀਲ, ਦਲੀਲ ਦਾ ਕਾਨੂੰਨ ਖਤਮ ਕੀਤਾ ਜਾ ਰਿਹ ਹੈ। ਤੀਸਰਾ ਰਾਜਾਂ ਵੱਲੋਂ ਪੈਦਾ ਕੀਤੀ ਜਾ ਰਹੀ ਬਿਜਲੀ ਜੋ ਕਿ ਰਾਜ ਸਰਕਾਰਾਂ ਆਪਣੇ ਸਾਧਨ ਅਤੇ ਖਰਚਿਆਂ ਨਾਲ ਪੈਦਾ ਕਰਦੀਆਂ ਹਨ, ਦੀ ਮਾਲਕੀ ਖੋਹ ਕੇ ਕੇਂਦਰੀ ਪੂਲ ਵੱਲੋਂ ਹੀ ਸਾਰੇ ਦੇਸ਼ ਵਿੱਚ ਆਪਣੀ ਮਰਜੀ ਨਾਲ ਸਪਲਾਈ ਦਿੱਤੀ ਜਾਣੀ ਹੈ ਅਤੇ ਆਪ ਹੀ ਰੇਟ ਮੁਕੱਰਰ ਕਰਨੇ ਹਨ ਜੋ ਕਿ ਸਿੱਧੇ ਤੌਰ ਤੇ ਰਾਜਾਂ ਦੀ ਖੁਦਮੁਖਤਿਆਰੀ ਤੇ ਡਾਕਾ ਮਾਰਿਆ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਦੱਸਿਆ ਕਿ ਜੋ ਕਿਸਾਨ ਜ਼ਮੀਨ ਠੇਕੇ ਤੇ ਦਿੰਦੇ ਹਨ, ਉਨਾਂ ਤੇ 18 ਫੀਸਦੀ ਜੀ.ਐਸ.ਟੀ. ਟੈਕਸ ਲਾ ਰਹੀ ਹੈ, ਜੋ ਕਿ ਬਿਲਕੁਲ ਹੀ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ਗੱਲ ਹੈ।