ਅਸ਼ੋਕ ਵਰਮਾ
ਮਾਨਸਾ, 10 ਅਗਸਤ 2020: ਖੇਤੀ ਸਮੇਤ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਨ ਤੇ ਕਾਲੇ ਕਾਨੂੰਨਾਂ ਦੇ ਖਿਲਾਫ਼ ਦੇਸ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਛੱਡੋ ਅੰਦੋਲਨ ਦਿਵਸ ਮੌਕੇ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ। ਕੁੱਲ ਹਿੰਦ ਕਿਸਾਨ ਦੇ ਨਿਹਾਲ ਸਿੰਘ ਮਾਨਸਾ, ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬਾਘਾ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਰੈਲੀ ਦੌਰਾਨ ਸਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਸਮੇਂ ਜਥੇਬੰਦੀਆਂ ਦੇ ਆਗੂਆਂ ਦਲਜੀਤ ਸਿੰਘ ਮਾਨਸ਼ਾਹੀਆ, ਮਹਿੰਦਰ ਸਿੰਘ ਭੈਣੀ ਬਾਘਾ, ਗੋਰਾ ਸਿੰਘ ਭੈਣੀ ਬਾਘਾ, ਛੱਜੂ ਰਾਮ ਅਤੇ ਕੇਵਲ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਸੰਕਟ ਦੀ ਆੜ ਵਿੱਚ ਮੋਦੀ ਸਰਕਾਰ ਨੇ ਤਿੰਨ ਆਰਡੀਨੈਂਸ , ਬਿਜਲੀ ਐਕਟ ਅਤੇ ਮਜਦੂਰ ਵਿਰੋਧੀ ਸੋਧਾਂ ਨੂੰ ਪਾਸ ਹਨ ਜੋਕਿ ਘਾਤਕ ਸਿੱਧ ਹੋਣਗੀਆਂ।
ਉਨਾਂ ਆਖਿਆ ਕਿ ਇਨਾਂ ਦੇ ਵਿਰੋਧ ’ਚ ਕਿਸਾਨ,ਮਜਦੂਰ ਅਤੇ ਸੰਘਰਸ਼ੀ ਧਿਰਾਂ ਨੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਅਕਾਲੀ ਭਾਜਪਾ ਗੱਠਜੋੜ ਦੇ ਕੇਂਦਰ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ।ਆਗੂਆਂ ਨੇ ਐਲਾਨ ਕੀਤਾ ਕਿ ਆਰਡੀਨੈਂਸਾਂ ਦੇ ਹੱਕ ’ਚ ਬੋਲਣ ਵਾਲੇ ਸਿਆਸੀ ਆਗੁਆਂ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਿ੍ਰਸ਼ਨ ਚੌਹਾਨ, ਰੂਪ ਸਿੰਘ ਢਿੱਲੋਂ, ਮੇਜਰ ਸਿੰਘ ਦੁਲੋਵਾਲ, ਰਾਜ ਸਿੰਘ ਅਕਲੀਆ, ਮੱਖਣ ਸਿੰਘ ਭੈਣੀ ਬਾਘਾ, ਰਣਜੀਤ ਸਿੰਘ ਤਾਮਕੋਟ, ਕਰਨੈਲ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ।