ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਕਾਲੀ ਦਲ ਦੇਵੇਗਾ ਧਰਨਾ : ਜੁਨੇਜਾ
''ਘਰਾਂ ਦੇ ਥੜੇ ਵੀ ਤੋੜੇ, ਨਾਲੀਆਂ ਵੀ ਨਾ ਢੱਕੀਆਂ''
ਭਾਵਨਾ ਗੁਪਤਾ, ਗੈਸਟ ਰਿਪੋਰਟਰ
ਪਟਿਆਲਾ, 10 ਅਗਸਤ 2020: ਮੁੱਖ ਮੰਤਰੀ ਦੇ ਸ਼ਹਿਰ ਵਿਚ ਗਲੀਆਂ ਤੇ ਨਾਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿਸਦੀ ਵੱਡੀ ਉਦਹਾਰਨ ਮੇਅਰ ਦੇ ਆਪਣੇ ਘਰ ਦੇ ਨੇੜਲੇ ਵਾਰਡ ਤੋਂ ਮਿਲਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਵਾਰਡ ਨੰਬਰ 38 ਵਿਚ ਗਲੀਆਂ ਨਵੀਆਂ ਬਣਾਉਣ ਦੇ ਬਹਾਨੇ ਪਹਿਲਾਂ ਲੋਕਾਂ ਦੇ ਘਰਾਂ ਅੱਗੇ ਬਣੀਆਂ ਥੜੀਆਂ ਤੋੜ ਦਿੱਤੀਆਂ ਜਿਸਤੋਂ ਬਾਅਦ ਨਾ ਤਾਂ ਨਾਲੀਆਂ ਢੱਕੀਆਂ ਗਈਆਂ ਹਨ ਤੇ ਨਾ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਹੱਲ ਕੀਤਾ ਗਿਆ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਦੇ ਆਪਣੇ ਘਰਾਂ ਵਿਚੋਂ ਨਿਕਲਣਾ ਵੀ ਔਖਾ ਹੋ ਗਿਆ ਹੈ। ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਆ ਗਿਆ ਹੈ। ਜਿਸਦੇ ਚੱਲਦਿਆਂ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਸਤਾਉਣ ਲੱਗਿਆ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜੇਕਰ ਲੋਕਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਵਾਰਡ ਵਾਸੀਆਂ ਦੇ ਨਾਲ ਮੇਅਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ઠઠઠ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦਫਤਰ ਇੰਚਾਰਜ ਆਕਾਸ਼ ਸ਼ਰਮਾ ਨੇ ਦੱਸਿਆ ਕਿ ਉਨਾਂ ਵਲੋਂ ਇਲਾਕੇ ਦਾ ਦੌਰਾ ਕੀਤਾ ਗਿਆ। ਜਿਥੇ ਮੋਜੂਦ ਦਵਿੰਦਰ ਸਿੰਘ, ਬੇਅੰਤ ਕੌਰ, ਇੰਦਰਜੀਤ ਕੌਰ, ਸੁਨੀਤਾ ਵਰਮਾ, ਸੁਨੀਤਾ ਭਟਨਾਗਰ, ਸੁਖਜਿੰਦਰ ਸਿੰਘ, ਸੁਭਮ ਕੁਮਾਰ, ਬਲਵੰਤ ਕੌਰ, ਪ੍ਰਿੰਸ ਕੁਮਾਰ, ਰਜੇਸ਼ ਕੁਮਾਰ, ਸਾਹਿਲ ਕੁਮਾਰ, ਭੂਸ਼ਣ ਕੁਮਾਰ, ਪੰਕਜ ਵਰਮਾ, ਮਨੀ ਵਰਮਾ, ਸੰਦੀਪ ਤੇ ਹੇਮ ਰਾਜ ਦਾ ਕਹਿਣਾ ਹੈ ਕਿ ਇਹ ਸਮੱਸਿਆ ਦੋ ਸਾਲ ਤੋਂ ਬਣੀ ਹੋਈ ਹੈ। ਗਲੀਆਂ ਵਿਚ ਟਾਇਲਾਂ ਤਾਂ ਲਗਾ ਦਿੱਤੀਆਂ ਗਈਆਂ, ਪਰ ਅੱਜ ਤੱਕ ਨਾ ਤਾਂ ਤੋੜੀਆਂ ਗਈਆਂ ਥੜੀਆਂ ਬਣਾਈਆਂ ਤੇ ਨਾ ਹੀ ਨਾਲੀਆਂ ਨੂੰ ਢੱਕਿਆ ਗਿਆ ਹੈ। ਇਸ ਸਮੱਸਿਆ ਬਾਰੇ ਵਾਰਡ ਕੌਂਸਲਰ ਨਿਖਿਲ ਬਾਤਿਸ਼ ਨੂੰ ਜਾਣੂ ਵੀ ਕਰਵਾਇਆ ਗਿਆ ਹੈ ਪਰ ਕੋਈ ਹੱਲ ਨਹੀਂ ਹੋਇਆ ਹੈ।