ਕੋਵਿਡ-19 ਦੇ ਚਲਦਿਆਂ ਸਾਦਗੀ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਵਸ : ਡਿਪਟੀ ਕਮਿਸ਼ਨਰ
ਜੀ ਐਸ ਪੰਨੂ
ਪਟਿਆਲਾ, 10 ਅਗਸਤ 2020: ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਇਸ ਸਮਾਗਮ ਨੂੰ ਸਾਦਗੀ ਤੇ ਸਾਵਧਾਨੀਆਂ ਦੇ ਪਾਲਣ ਨਾਲ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਗਮ ਦੇਖਣ ਲਈ ਖੇਡ ਸਟੇਡੀਅਮ ਵਿੱਚ ਆਉਣ ਦੀ ਥਾਂ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦੇਣ ਤੇ ਬਿਮਾਰੀ ਖ਼ਿਲਾਫ਼ ਲੜਨ 'ਚ ਸਹਿਯੋਗ ਦੇਣ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਪੀ. (ਐਚ) ਨਵਨੀਤ ਸਿੰਘ ਬੈਂਸ, ਐਸ.ਡੀ.ਐਮ. ਪਟਿਆਲਾ . ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਮਿਸ ਜਸਲੀਨ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।