ਪ੍ਰਸ਼ਾਸਨ ਵਲੋਂ ਜਨਤਕ ਅਦਾਰਿਆਂ ਅਤੇ ਰਿਹਾਇਸ਼ੀ ਕੰਪਲੈਕਸਾਂ ਨੂੰ ਕਰਵਾਇਆ ਜਾਵੇਗਾ ਸੈਨੀਟਾਈਜ਼
ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨੂੰ ਵਿਟਾਮਿਨ ਸਪਲੀਮੈਂਟਸ, ਐਂਟੀਪਾਈਰੇਟਿਕ ਦਵਾਈ ਅਤੇ ਪਲਸ ਆਕਸੀਮੀਟਰ ਵਾਲੀ ਮੈਡੀਕਲ ਕਿੱਟ ਕਰਵਾਈ ਜਾਵੇਗੀ ਪ੍ਰਦਾਨ
ਐਸ ਏ ਐਸ ਨਗਰ, 10 ਅਗਸਤ 2020: ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨੂੰ ਦੀ ਵੱਧ ਰਹੀ ਗਿਣਤੀ ਨਾਲ ਲੋਕਾਂ ਦੇ ਮਨਾਂ ਵਿਚ ਪਏ ਡਰ ਨੂੰ ਦੂਰ ਕਰਦੇ ਹੋਏ, ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਿਸੇ ਵੀ ਗੰਭੀਰ ਸਥਿਤੀ ਵਾਲੇ ਮਰੀਜ਼ ਨੂੰ ਘਰੇਲੂ ਇਕਾਂਤਵਾਸ ਅਧੀਨ ਨਹੀਂ ਰੱਖਿਆ ਜਾਂਦਾ। ਡਾਕਟਰੀ ਜਾਂਚ ਅਤੇ ਘਰ ਦੀ ਜਾਂਚ ਤੋਂ ਬਾਅਦ ਹੀ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਵਿਚ ਰੱਖਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਡਾਕਟਰਾਂ ਵਲੋਂ ਸਹਿ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਘਰ ਵਿਚ ਸਿਹਤਯਾਬ ਹੋਣ ਦੇ ਯੋਗ ਪਾਏ ਜਾਣ ‘ਤੇ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ, ਜਿੱਥੇ ਮਰੀਜ ਨੇ ਰਹਿਣਾ ਹੈ ਉਥੇ ਵੱਖਰੇ ਕਮਰੇ ਅਤੇ ਪਖਾਨੇ ਦੀ ਉਪਲਬਧਤਾ ਦੀ ਜਾਂਚ ਤੋਂ ਬਾਅਦ ਮਰੀਜ਼ ਨੂੰ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਂਦੀ ਹੈ।
ਗੁਆਂਢੀ ਘਰਾਂ ਵਿਚ ਕੁਆਰੰਟੀਨ ਮਰੀਜ਼ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਆਰੰਟੀਨ ਅਧੀਨ ਵਿਅਕਤੀ ਨੂੰ ਉਸ ਦੇ ਘਰ ਤੋਂ ਬਾਹਰ ਆਉਣ ਦਾ ਆਗਿਆ ਨਹੀਂ ਹੈ, ਇਸ ਲਈ ਵਾਇਰਸ ਦੇ ਫੈਲਾਅ ਦਾ ਸਿੱਧਾ ਖ਼ਤਰਾ ਨਹੀਂ ਹੈ। ਉਹਨਾ ਕਿਹਾ ਕਿ ਘਰੇਲੂ ਇਕਾਂਤਵਾਸ ਅਧੀਨ ਕੋਵਿਡ-19 ਦੇ ਮਰੀਜ਼ਾਂ ਦੇ ਬਾਇਓ-ਮੈਡੀਕਲ ਕੂੜੇ ਨੂੰ ਇੱਕਠਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਜ਼ਿੰਮੇਵਾਰੀ ਸੌਂਪਣ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਘਰੇਲੂ ਇਕਾਂਤਵਾਸ ਅਧੀਨ ਕੋਵਿਡ-19 ਦੇ ਮਰੀਜ਼ਾਂ ਦੇ ਬਾਇਓ-ਮੈਡੀਕਲ ਕੂੜੇ ਨੂੰ ਇੱਕਠਾ ਕਰਨ ਲਈ ਜ਼ਿੰਮੇਵਾਰ ਹੋਣਗੀਆਂ। ਪੇਂਡੂ ਖੇਤਰਾਂ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀਡੀਪੀਓ) ਵਲੋਂ ਕੂੜਾ ਇਕੱਤਰ ਕਰਨ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਗਮਾਡਾ ਵਲੋਂ ਨਗਰ ਨਿਗਮ ਦੀਆਂ ਹੱਦਾਂ ਤੋਂ ਬਾਹਰ ਸ਼ਹਿਰੀ ਇਲਾਕਿਆਂ ਤੋਂ ਬਾਇਓ-ਮੈਡੀਕਲ ਕੂੜਾ ਇਕੱਤਰ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਇਹ ਵਿਭਾਗ ਕਿਸੇ ਮਰੀਜ਼ਾਂ ਦੇ ਘਰੇਲੂ ਇਕਾਂਤਵਾਸ ਅਧੀਨ ਆਉਂਦੇ ਹੀ, ਕੂੜੇ ਦੇ ਨਿਪਟਾਰੇ ਲਈ ਢੁੱਕਵੀਂ ਮਾਤਰਾ ਵਿਚ ਕੂੜੇ ਲਈ ਪੀਲੇ ਰੰਗ ਦੇ ਬੈਗ ਮੁਹੱਈਆ ਕਰਵਾਉਣਗੇ ਅਤੇ ਇਸ ਤੋਂ ਬਾਅਦ ਸਬੰਧਤ ਏਜੰਸੀ ਦੁਆਰਾ ਰੋਜ਼ਾਨਾ ਕੂੜਾ ਚੁੱਕਣ ਅਤੇ ਨਿਪਟਾਰੇ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸਿੱਧੀ ਡਾਕਟਰੀ ਦੇਖਭਾਲ ਦੀ ਜ਼ਰੂਰਤ ਨਹੀਂ ਹੈ, ਉਹ ਘਰ ਵਿਚ ਵਧੀਆ ਸਿਹਤਯਾਬ ਹੋ ਸਕਦਾ ਹੈ ਜਿਸ ਨਾਲ ਹਸਪਤਾਲਾਂ ਵਿਚ ਗੰਭੀਰ ਮਰੀਜ਼ਾਂ ਲਈ ਜਗ੍ਹਾ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ “ਇਹ ਕੇਂਦਰ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਆਪਣਾਈ ਗਈ ਇਕ ਵਧੀਆ ਵਿਧੀ ਹੈ ਜਿਸ ਤਹਿਤ ਸਹੀ ਵਿਅਕਤੀ ਨੂੰ ਉਸਦੀ ਹਾਲਤ ਦੇ ਹਿਸਾਬ ਨਾਲ ਢੁਕਵੀਂ ਥਾਂ ‘ਤੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ; ਸੰਕਟ ਦਾ ਇਹ ਸਮਾਂ ਮਨੁੱਖੀ ਹਮਦਰਦੀ ਅਤੇ ਭਾਈਚਾਰੇ ਦੀ ਪਰਖ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੈਨੀਟਾਈਜੇਸ਼ਨ ਦੇ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਹੁਣ ਤੱਕ ਕੋਵਿਡ -19 ਕਲੱਸਟਰਾਂ, ਮਾਈਕਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਪੈਂਦੇ ਖੇਤਰਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਪਰ, ਜਨਤਕ ਸੁਰੱਖਿਆ ਲਈ ਅਸੀਂ ਹੁਣ ਬੈਂਕਾਂ ਅਤੇ ਉਹਨਾਂ ਹੋਰ ਜਨਤਕ ਸੰਸਥਾਵਾਂ ਨੂੰ ਸੈਨੀਟਾਈਜ਼ ਕਰਵਾਵਾਂਗੇ ਜੋ ਕੋਵਿਡ ਪਾਜੇਟਿਵ ਕਰਮਚਾਰੀ ਦਾ ਪਤਾ ਲੱਗਣ 'ਤੇ ਸਹਾਇਤਾ ਲਈ ਸਾਡੇ ਤੱਕ ਪਹੁੰਚ ਕਰਦੇ ਹਨ। ਇਸੇ ਤਰ੍ਹਾਂ, ਅਸੀਂ ਉਨ੍ਹਾਂ ਰੈਜੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਇਸ ਤਰ੍ਹਾਂ ਦੀ ਸਹੂਲਤ ਦੇਵਾਂਗੇ ਜੋ ਆਪਣੀ ਇਮਾਰਤ ਦੇ ਆਮ ਵਰਤੋਂ ਵਾਲੇ ਖੇਤਰ ਨੂੰ ਸੈਨੀਟਾਈਜ਼ ਕਰਨਾ ਚਾਹੁੰਦੇ ਹਨ, ਜਿਥੇ ਕੋਵਿਡ ਕੇਸ ਸਾਹਮਣੇ ਆਇਆ ਹੈ ਜਾਂ ਕੋਵਿਡ ਪਾਜੇਟਿਵ ਮਰੀਜ਼ ਘਰੇਲੂ ਕੁਆਰੰਟੀਨ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਘਰੇਲੂ ਕੁਆਰੰਟੀਨ ਅਧੀਨ ਮਰੀਜ਼ਾਂ ਨੂੰ ਮੈਡੀਕਲ ਫਾਲੋਆਪ ਦੇ ਨਾਲ ਨਾਲ ਉਹਨਾਂ ਪ੍ਰਤੀ ਸੁਹਿਰਦਤਾ ਅਤੇ ਸੁਰੱਖਿਆ ਵਜੋਂ ਪ੍ਰਸ਼ਾਸਨ ਮਰੀਜਾਂ ਦੇ ਆਕਸੀਜਨ ਦੇ ਪੱਧਰ (ਐੱਸ ਪੀ ਓ 2) ਨੂੰ ਮਾਪਣ ਲਈ ਇੱਕ ਪਲਸ ਆਕਸੀਮੀਟਰ, ਵਿਟਾਮਿਨ ਸਪਲੀਮੈਂਟਸ, ਐਂਟੀਪਾਇਰੇਟਿਕ ਦਵਾਈਆਂ ਵਾਲੀ ਕਿੱਟ ਪ੍ਰਦਾਨ ਕਰੇਗਾ ਪਰ ਪਲਸ ਆਕਸੀਮੀਟਰ ਸਿਰਫ ਕੁਆਰੰਟੀਨ ਸਮੇਂ ਲਈ ਦਿੱਤਾ ਜਾਵੇਗਾ ਅਤੇ ਮਰੀਜ਼ ਨੂੰ ਠੀਕ ਹੋਣ ਉਪਰੰਤ ਇਸ ਆਕਸੀਮੀਟਰ ਨੂੰ ਵਾਪਸ ਕਰਨਾ ਪਵੇਗਾ।