ਸਨਅਤੀ ਅਦਾਰਿਆਂ ਲਈ ਪੰਜਾਬ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ: ਮਹੱਈਆ ਕਰਵਾਈ ਜਾ ਜਾਵੇਗੀ ਹਰ ਸਹੂਲਤ: ਮੁੱਖ ਮੰਤਰੀ
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਈ 'ਵਰਚੁਅਲ ਮੀਟ' ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਨੇ ਕੀਤੀ ਸ਼ਮੂਲੀਅਤ
'ਕੋਰੋਨਾ ਵਾਇਰਸ ਤੋਂ ਬਾਅਦ ਦੀ ਸਥਿਤੀ ਵਿੱਚ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ' ਸਬੰਧੀ ਹੋਏ ਅਹਿਮ ਵਿਚਾਰ ਵਟਾਂਦਰੇ
ਦੇਸ਼ ਦੇ ਸਨਅਤਕਾਰਾਂ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ ਨਿਵੇਸ਼ ਕਰਨ ਲਈ ਸਨਅਤੀ ਅਦਾਰਿਆਂ ਲਈ ਦਰਵਾਜੇ ਖੁੱਲ੍ਹੇ ਹਨ, ਜਿਸ ਲਈ ਸੂਬਾ ਸਰਕਾਰ ਵੱਲੋਂ ਹਰ ਲੋੜੀਂਦੀ ਸਹੂਲਤਾਂ, ਰਿਆਇਤਾ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਲਈ ਕੋਈ ਵਿਸ਼ੇਸ਼ ਆਗਿਆ ਲੈਣ ਦੀ ਜ਼ਰੂਰਤ ਨਹੀਂ, ਜਿਸ ਲਈ ਸੂਬਾ ਸਰਕਾਰ ਵੱਲੋਂ 'ਇਨਵੈਸਟ ਪੰਜਾਬ' ਸਕੀਮ ਇਕਮਾਤਰ ਖਿੜਕੀ ਸਥਾਪਿਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਦੇ ਨਾਲ-ਨਾਲ ਸਨਅਤੀ ਧੁਰੇ ਵਜੋਂ ਉਭਰੇਗਾ, ਜਿਸ ਲਈ ਸੂਬਾ ਸਰਕਾਰ ਸਨਅਤਕਾਰਾਂ ਨੂੰ ਹਰ ਸਹਾਇਤਾ ਪ੍ਰਦਾਨ ਕਰਵਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਵਰਚੁਅਲ ਇੰਡਸਟਰੀ ਮੀਟ ਦੌਰਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕੋਵਿਡ ਸਥਿਤੀ ਤੋਂ ਬਾਅਦ ਆਰਥਿਕਤਾ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਦੇਸ਼ ਦੇ ਵੱਡੇ ਸਨਅਤਕਾਰਾਂ ਅਤੇ ਚਿੰਤਕਾਂ ਨਾਲ ਅਹਿਮ ਵਿਚਾਰ ਵਟਾਂਦਰੇ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਸੈਮਸੰਗ ਇਲੈਕਟ੍ਰਾਨਿਕਸ, ਮਾਇਕ੍ਰੋਸਾਫ਼ਟ ਇੰਡੀਆ, ਐਮਾਜ਼ੌਨ ਇੰਟਰਨੈਟ ਸਰਵਿਸਿਜ਼, ਹਿੰਦੂਸਤਾਨ ਯੂਨੀਲੀਵਰ, ਟੈਕ ਮਹਿੰਦਰਾ ਡੀ.ਐਲ.ਐਫ਼, ਬਾਇਓਕਾੱਨ, ਸ਼ਿੰਡਲਰ ਇੰਡੀਆ, ਵੀ.ਈ ਕਮਰਸ਼ੀਅਲ ਵਹੀਕਲ, ਏਅਰਟੈਲ, ਕੌਗਨੀਜੈਂਟ, ਮਹਿੰਦਰਾ ਐਂਡ ਮਹਿੰਦਰਾ, ਓਬਰ ਆਦਿ ਪ੍ਰੁਮੁੱਖ ਸਨਅਤੀ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਅਰਥਚਾਰੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਜਾਣ ਵਾਲੇ ਤੌਰ ਤਰੀਕਿਆਂ ਸਬੰਧੀ ਜਿਥੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤੇ ਉਥੇ ਸਨਅਤੀ ਅਦਾਰਿਆਂ ਦੇ ਆਗੂਆਂ ਦੇ ਵਿਚਾਰ ਵੀ ਸੁਣੇ।
ਦੇਸ਼ ਦੇ ਚੋਟੀ ਦੇ ਸਨਅਤੀ ਦਿੱਗਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕੋਵਿਡ ਹਾਲਾਤਾਂ ਕਰਕੇ ਦੁਨੀਆਂ ਦੇ ਨਾਲ-ਨਾਲ ਪੰਜਾਬ ਵੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ, ਪਰ ਸਾਨੂੰ ਉਮੀਦ ਹੈ ਕਿ ਸੂਬਾ ਸਰਕਾਰ ਇਨ੍ਹਾਂ ਹਾਲਾਤਾਂ ਚੋਂ ਬਾਹਰ ਨਿਕਲ ਕੇ ਜਲਦ ਸਿਖਰਾਂ 'ਤੇ ਪਹੁੰਚ ਜਾਵੇਗਾ ਜਦਕਿ ਸੂਬਾ ਸਰਕਾਰ ਵੱਲੋਂ ਹਾਲਾਤਾਂ ਨਾਲ ਨਿਜੱਠਣ ਲਈ ਵਿਸੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਸਨਅਤੀ ਵਿਕਾਸ ਲਈ ਸਰਕਾਰ ਵੱਲੋਂ 65 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਨਅਤੀ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ 3100 ਏਕੜ 'ਚ 4 ਇੰਡਸਟਰੀਅਲ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ 'ਚ ਨਿਵੇਸ਼ ਕਰਨ ਲਈ ਉਨ੍ਹਾਂ ਸਨਅਤਕਾਰਾਂ ਨੂੰ ਸੱਦਾ ਦਿੱਤਾ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਊਰਜਾ ਪੱਖੋਂ ਵੀ ਪੰਜਾਬ ਇੱਕ ਸਰਪਲੱਸ ਸੂਬਾ ਹੈ, ਜਿਥੇ ਸਨਅਤੀ ਅਦਾਰਿਆਂ ਨੂੰ 5 ਰੁਪਏ ਯੂਨਿਟ ਮੁਹੱਈਆ ਕਰਵਾਉਣ ਦੀ ਸਹੂਲਤ ਵੀ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਉਦਯੋਗਿਕ ਅਦਾਰਿਆਂ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ 'ਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ, ਜੋ ਸੂਬੇ 'ਚ ਸਨਅਤੀ ਅਦਾਰਿਆਂ ਦੇ ਵਿਕਾਸ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਈ 'ਵਰਚੁਅਲ ਮੀਟ' ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 40 ਸਾਲਾਂ ਦੇ ਮੁਕਾਬਲੇ ਦੇਸ਼ ਸਵੈ ਨਿਰਭਰਤਾ ਵੱਲ ਵੱਧ ਰਿਹਾ ਹੈ ਅਤੇ ਪੰਜਾਬ ਸਰਕਾਰ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਰਾਜ ਵਿੱਚ ਉਪਲਬਧ ਕੁਦਰਤੀ ਸਰੋਤਾਂ ਦੇ ਮੱਦੇਨਜ਼ਰ ਆਪਣੀ ਕਾਰਜ ਪ੍ਰਣਾਲੀ ਨੂੰ ਬਦਲਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਨੇ ਉਦਯੋਗਪਤੀਆਂ ਨੂੰ ਨਿਵੇਸ਼ ਅਤੇ ਪ੍ਰਾਜੈਕਟ ਸਥਾਪਿਤ ਕਰਨ ਲਈ ਇੱਕ ਸਧਾਰਣ ਪ੍ਰੀਕਿਰਿਆ ਅਪਣਾਈ ਹੈ, ਤਾਂ ਜੋ ਗੁੰਝਲਦਾਰ ਪ੍ਰੀਕਿਰਿਆ ਕਾਰਨ ਨਿਵੇਸ਼ 'ਚ ਦੇਰੀ ਨਾ ਹੋਵੇ।ਸੂਬੇ ਨੂੰ ਖੇਤੀਬਾੜੀ ਖੇਤਰ 'ਚ ਪ੍ਰਫੁਲਿਤ ਕਰਨ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਜਿਥੇ ਪੈਡੀ ਤੋਂ ਬਨਸਪਤੀ ਵੱਲ ਲਿਜਾਣ ਲਈ ਸਰਕਾਰ ਵੱਲੋ ਹੰਭਲੇ ਮਾਰੇ ਜਾ ਰਹੇ ਹਨ ਉਥੇ ਹੀ ਕਪਾਹ ਦੇ ਉਦਪਾਦਨ ਨੂੰ ਪ੍ਰਫੁਲਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਬਨਸਪਤੀ ਦਾ ਉਤਪਾਦਨ ਕਿਸਾਨਾਂ ਲਈ ਚੰਗਾ ਵਿਕਲਪ ਹੈ, ਜਿਸ ਦੀ ਮੰਗ ਨਿਰਯਾਤ ਲਈ ਵਧੇਰੇ ਵੱਧ ਰਹੀ ਹੈ।ਉਨ੍ਹਾਂ ਕਿਹਾ ਕੁੱਝ ਖੇਤਰਾਂ 'ਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ, ਜਿਸ ਲਈ ਸੂਬਾ ਸਰਕਾਰ ਇਨ੍ਹਾਂ ਹਾਲਾਤਾਂ 'ਤੇ ਕਾਬੂ ਪਾਉਣ ਲਈ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਬਾਹਰ ਕੱਢਣ ਲਈ ਲਗਾਤਾਰ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ 'ਚ ਪਾਣੀ ਦੀ ਕਮੀ ਪੂਰੀ ਕਰਕੇ ਹੀ ਬਾਕੀ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕੋਵਿਡ ਹਾਲਾਤਾਂ ਸਬੰਧੀ ਸੂਬਾ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਮਹਾਂਮਾਰੀ ਨੂੰ ਹਲਕੇ 'ਚ ਲਏ ਜਾਣ ਕਰਕੇ ਪੰਜਾਬ 'ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਅਤੇ ਲਗਾਤਾਰ ਮੌਤਾਂ ਦੇ ਆਂਕੜੇ ਵੱਧਦੇ ਜਾ ਰਹੇ ਹਨ।ਉਨ੍ਹਾਂ ਸਮੂਹ ਸੂਬਾ ਵਾਸੀਆਂ ਨੂੰ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਸਰਕਾਰੀ ਅਤੇ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਥੋੜ੍ਹੇ-ਬਹੁਤੇ ਲੱਛਣ ਮਿਲਣ 'ਤੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਡਾਕਟਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਕੋਵਿਡ ਹਾਲਾਤਾਂ 'ਚ ਦਿੱਤੇ ਸਹਿਯੋਗ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਵਰਸਿਟੀ ਇੱਕ ਪਹਿਲਾ ਅਦਾਰਾ ਸੀ ਜਿਸ ਨੇ ਸੱਭ ਤੋਂ ਪਹਿਲਾਂ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੂੰ ਸਹਿਯੋਗ ਦੇਣ ਲਈ ਹੱਥ ਅੱਗੇ ਕੀਤਾ।
ਇਸ ਮੌਕੇ ਵਰਚੁਅਲ ਮੀਟ ਵਿੱਚ ਸ਼ਮੂਲੀਅਤ ਕਰਨ 'ਤੇ ਮੁੱਖ ਮੰਤਰੀ ਪੰਜਾਬ ਅਤੇ ਸਨਅਤਕਾਰਾਂ ਦਾ ਧੰਨਵਾਦ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਇੰਡਸਟਰੀ ਦਾ ਧੁਰਾ ਬਣਨ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ ਜਾਂ ਬਾਹਰਲੇ ਸੂਬਿਆਂ 'ਚ ਰੋਜ਼ਗਾਰ ਦੀ ਭਾਲ ਕਰਨ ਦੀ ਲੋੜ ਘਟੇਗੀ। ਉਨ੍ਹਾਂ ਆਖਿਆ ਕਿ ਜਿਥੇ ਪੰਜਾਬ ਸਰਕਾਰ ਦੀਆਂ ਇੰਡਸਟਰੀ ਪ੍ਰਤੀ ਉਧਾਰਵਾਦੀ ਨੀਤੀਆਂ ਸਮਾਜ ਦੇ ਵਿਕਾਸ ਦਾ ਸਬੱਬ ਬਣਨਗੀਆਂ ਉਥੇ ਹੀ ਪੰਜਾਬ ਦੀਆਂ ਸਿੱਖਿਅਕ ਸੰਸਥਾਵਾਂ ਵੱਲੋਂ ਤਿਆਰ ਕੀਤੇ ਹੁਨਰਵੰਦ ਵਿਦਿਆਰਥੀ ਇੰਡਸਟਰੀ ਲਈ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਪੰਜਾਬ ਦੀ ਨੌਜਵਾਨੀ ਦੇ ਸਰਬਪੱਖ ਵਿਕਾਸ ਲਈ ਅਹਿਮ ਕੜੀ ਦਾ ਕੰਮ ਕਰੇਗੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਈ ਵਰਚੁਅਲ ਮੀਟ ਦੌਰਾਨ ਸੈਮਸੰਗ ਇਲੈਕਟ੍ਰਾਨਿਕ ਤੋਂ ਸੀਨੀਅਰ ਵੀ.ਪੀ ਅਤੇ ਐਚ.ਆਰ ਮੁਖੀ ਸਮੀਰ ਵਧਾਵਾਨ, ਮਾਇਕ੍ਰੋਸਾਫ਼ਟ ਇੰਡੀਆ ਦੇ ਐਚ.ਆਰ ਮੁਖੀ ਇਰਾ ਗੁਪਤਾ, ਐਮਾਜ਼ੌਨ ਇੰਟਰਨੈਟ ਸਰਵਿਸਿਜ਼ ਦੱਖਣੀ ਏਸ਼ੀਆ ਅਤੇ ਏ.ਡਬਲਿਯੂ.ਐਸ ਦੇ ਪ੍ਰੈਜੀਡੈਂਟ ਰਾਹੁਲ ਸ਼ਰਮਾ, ਹਿੰਦੂਸਤਾਨ ਯੂਨੀਲੀਵਰ ਲਿਮ. ਦੇ ਚੇਅਰਮੈਨ ਅਤੇ ਐਮ.ਡੀ ਸੰਜੀਵ ਮਹਿਤਾ, ਟੈਕ ਮਹਿੰਦਰਾ ਦੇ ਸੀ.ਈ.ਓ ਅਤੇ ਐਮ.ਡੀ ਸੀ.ਪੀ. ਗੁਰਨਾਨੀ, ਡੀ.ਐਲ.ਐਫ਼ ਦੇ ਐਮ.ਡੀ ਰਾਜੀਵ ਤਲਵਾਰ, ਬਾਇਓਕਾੱਨ ਦੇ ਐਗਜ਼ੀਕਿਊਟਿਵ ਚੇਅਰਪਰਸਨ ਡਾ. ਕਿਰਨ ਮਾਜ਼ੂਮਦਰ ਸ਼ਾਅ, ਸ਼ਿੰਡਲਰ ਇੰਡੀਆ ਦੇ ਪ੍ਰੈਜੀਡੈਂਟ ਅਤੇ ਸੀ.ਈ.ਓ ਅਸ਼ੋਕ ਰਾਮਾਚੰਦਰਨ, ਵੀ.ਈ ਕਮਰਸ਼ੀਅਲ ਵਹੀਕਲ ਦੇ ਐਮ.ਡੀ ਅਤੇ ਸੀ.ਈ.ਓ ਵਿਨੋਦ ਅਗਰਵਾਲ, ਏਅਰਟੈਲ ਪੇਮੈਂਟ ਬੈਂਕ ਦੇ ਐਮ.ਡੀ ਅਤੇ ਸੀ.ਈ.ਓ ਅਨੁਬਰਾਤਾ ਵਿਸ਼ਵਾਸ, ਕੌਗਨੀਜੈਂਟ ਦੇ ਸੀ.ਐਚ.ਆਰ.ਓ ਸ਼ਾਨਤਾਨੂ ਝਾ, ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰੈਜੀਡੈਂਟ ਅਤੇ ਗਰੁੱਪ ਐਗਜੀਕਿਊਟਿਵ ਬੋਰਡ ਮੈਂਬਰ ਰਾਜੀਵ ਦੂਬੇ, ਓਬਰ ਦੇ ਸੈਂਟਰ ਓਪਰੇਸ਼ਨਲ ਹੈਡ ਪਵਨ ਵੇਸ਼ ਆਦਿ ਪ੍ਰਮੁੱਖ ਸਨਅਤਕਾਰਾਂ ਨੇ ਸ਼ਮੂਲੀਅਤ ਕਰਕੇ ਅਰਥਚਾਰੇ ਦੇ ਵਿਕਾਸ ਬਾਬਤ ਮੁੱਖ ਮੰਤਰੀ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ।