ਪਹਿਲਾ ਇਨਾਮ ਏ.ਪੀ.ਜੇ. ਸਕੂਲ ਦੇ ਗੋਪੇਸ਼ ਗੁਪਤਾ, ਦੂਜਾ ਐਮ.ਜੀ.ਐਨ. ਪਬਲਿਕ ਸਕੂਲ 'ਚ ਪੜ੍ਹਦੇ ਰਮਨਜੋਤ ਸਿੰਘ ਅਤੇ ਆਰ.ਕੇ.ਐਮ.ਜੀ.ਐਮ. ਸਕੂਲ ਦੀ ਮੋਨਾ ਕਸ਼ਿਅਪ ਨੇ ਜਿੱਤਿਆ ਤੀਜਾ ਇਨਾਮ
ਜਲੰਧਰ, 11 ਅਗਸਤ 2020: ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ 'ਤੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਜਲੰਧਰ ਜ਼ਿਲ੍ਹੇ 'ਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ 'ਚ ਅੱਵਲ ਰਹਿਣ 'ਤੇ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਜੇਤੂਆਂ ਨੂੰ ਭਵਿੱਖ 'ਚ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲੋੜ ਪੈਣ 'ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਪੰਜਾਬ ਸ਼੍ਰੀ ਸਿੰਗਲਾ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ 'ਚੋਂ ਇਸ ਮੁਕਾਬਲੇ ਲਈ 6,180 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਅਤੇ ਇਨ੍ਹਾਂ ਬੱਚਿਆਂ ਦੀ ਪੇਸ਼ਕਾਰੀ ਤੇ ਵਿਚਾਰ ਬਹੁਤ ਹੀ ਹੈਰਾਨੀਜਨਕ ਤੇ ਸੋਚ ਤੋਂ ਪਰੇ ਸਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਬੱਚਿਆਂ ਦੇ ਵਿਚਾਰਾਂ ਨੇ ਸਮਾਜ ਨੂੰ ਨਵਾਂ ਹੌਸਲਾ ਦਿੱਤਾ ਹੈ ਜਿਸ ਕਰਕੇ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ 'ਤੇ ਮਾਣ ਹੈ।
ਸ਼੍ਰੀ ਸਿੰਗਲਾ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ 'ਚੋਂ ਏ.ਪੀ.ਜੇ. ਸਕੂਲ 'ਚ ਦਸਵੀਂ ਕਲਾਸ 'ਚ ਪੜ੍ਹਦੇ ਗੋਪੇਸ਼ ਗੁਪਤਾ ਨੇ ਪਹਿਲਾ ਸਥਾਨ ਹਾਸਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਐਮ.ਜੀ.ਐਨ. ਪਬਲਿਕ ਸਕੂਲ 'ਚ ਅੱਠਵੀਂ ਕਲਾਸ 'ਚ ਪੜ੍ਹਦੇ ਰਮਨਜੋਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਆਰ.ਕੇ.ਐਮ.ਜੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਮੋਨਾ ਕਸ਼ਿਅਪ ਨੇ ਤੀਸਰੇ ਸਥਾਨ 'ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ 'ਅੰਬੈਸਡਰਜ਼ ਆਫ਼ ਹੋਪ' ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ 'ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰ੍ਹਾਂ ਦੇ ਇਸ ਪਹਿਲੇ ਮੁਕਾਬਲੇ 'ਚ ਸਿਰਫ਼ ਅੱਠ ਦਿਨਾਂ 'ਚ ਸੂਬੇ 'ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ 'ਚ ਹਰ ਜ਼ਿਲ੍ਹੇ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਜਲੰਧਰ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਗੋਪੇਸ਼ ਗੁਪਤਾ ਨੇ ਕਿਹਾ ਕਿ ਉਹ ਇਲੈਕਟ੍ਰੀਕਲ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਮੁਕਾਬਲੇ 'ਚ ਭਾਗ ਲੈਣ ਲਈ ਵੀ ਉਸਨੇ ਬਗੈਰ ਹੱਥ ਲਗਾਏ ਵਜਾਈ ਜਾ ਸਕਣ ਵਾਲੀ ਡੋਰਬੈੱਲ ਦੀ ਵੀਡਿਓ ਬਣਾ ਕੇ ਪਾਈ ਸੀ। ਇਸੇ ਤਰ੍ਹਾਂ ਦੂਜੇ ਸਥਾਨ 'ਤੇ ਰਹਿਣ ਵਾਲੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਹ ਸਾਫ਼ਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਤੇ ਭਵਿੱਖ 'ਚ ਇੰਟਰਨੈੱਟ 'ਤੇ ਆਪਣਾ ਸਰਚ-ਇੰਜਣ ਲੈ ਕੇ ਆਉਣਾ ਚਾਹੁੰਦਾ ਹੈ।
ਤੀਸਰੇ ਸਥਾਨ 'ਤੇ ਰਹਿਣ ਵਾਲੀ ਮੋਨਾ ਕਸ਼ਿਅਪ ਨੇ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਉਸਨੇ ਘਰ ਪਏ ਵਾਧੂ ਸਾਮਾਨ ਤੋਂ ਇੱਕ ਮਾਡਲ ਤਿਆਰ ਕਰਕੇ ਮੁਕਾਬਲੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਉਸਨੇ ਦੱਸਿਆ ਕਿ ਉਸਦੀ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਘਰ ਦਾ ਖਰਚਾ ਚਲਾ ਰਹੀ ਹੈ ਅਤੇ ਹੁਣ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਚਾਹੁੰਦੀ ਹੈ।