ਜੀ ਐਸ ਪੰਨੂ
- ਪੁਰਾਤਨ ਬੀੜ ਲੱਭਣ 'ਚ ਸਰਕਾਰ ਦੀ ਬਾਦਲਾਂ ਵਰਗੀ ਭੇਦਭਰੀ ਸੁਸਤੀ ਚਿੰਤਾਜਨਕ
ਚੰਡੀਗੜ੍ਹ, 11 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਨੇ ਨੇੜਲੇ ਕਲਿਆਣ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਪਵਿੱਤਰ ਬੀੜ ਦੇ ਮੁੱਦੇ 'ਤੇ ਅਮਰਿੰਦਰ ਸਿੰਘ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀ ਲਿਆ।
ਮੰਗਲਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਇੱਥੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਲਿਆਣ ਪਿੰਡ ਤੋਂ ਚੋਰੀ ਹੋਈ ਪ੍ਰਾਚੀਨ ਬੀੜ ਦੇ ਮਾਮਲੇ 'ਚ ਕਾਂਗਰਸ ਸਰਕਾਰ ਉਸੇ ਤਰਾਂ ਰਹੱਸਮਈ ਸੁਸਤੀ ਦਿਖਾ ਰਹੀ ਹੈ, ਜਿਵੇਂ 2015 'ਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਉਪਰੰਤ ਤੱਤਕਾਲੀ ਬਾਦਲ ਸਰਕਾਰ ਨੇ ਪਵਿੱਤਰ ਸਰੂਪ ਲੱਭਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਸੀ, ਜਿਸ ਕਾਰਨ ਪੰਥ ਅਤੇ ਪੰਜਾਬ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ, ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅੱਜ ਤੱਕ ਜਾਰੀ ਹੈ।
ਸੁਖਬੀਰ ਸਿੰਘ ਬਾਦਲ ਅਤੇ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਘੇਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਟਿਆਲਾ 'ਚ ਧਰਨਿਆਂ ਦੇ ਡਰਾਮੇ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਜੀ-ਹਜ਼ੂਰੀਏ ਬਰਗਾੜੀ ਸਮੇਤ ਆਪਣੇ (ਬਾਦਲਾਂ) ਦੇ ਰਾਜ ਸਮੇਂ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਵੇਲੇ ਕਿਥੇ ਸਨ? ਹਰਪਾਲ ਸਿੰਘ ਚੀਮਾ ਨੇ ਕਿਹਾ, ''ਬਰਗਾੜੀ-ਬਹਿਬਲ ਕਲਾਂ ਬੇਇਨਸਾਫ਼ੀਆਂ ਵਿਰੁੱਧ ਇਨਸਾਫ਼ ਦੀ ਮੰਗ ਕਰਨ ਵਾਲੀ ਸੰਗਤ ਨੂੰ ਵਿਹਲੀ ਜਨਤਾ ਦੱਸਣ ਵਾਲੇ ਸੁਖਬੀਰ ਸਿੰਘ ਬਾਦਲ ਕਿਹੜੇ ਮੂੰਹ ਅਜਿਹੇ ਡਰਾਮੇ ਕਰ ਰਹੇ ਹਨ?''
ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਭੇਦਭਰੇ ਢੰਗ ਨਾਲ ਚੋਰੀ/ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਵਿੱਤਰ ਸਰੂਪਾਂ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਸਪਸ਼ਟੀਕਰਨ ਮੰਗਿਆ।
ਚੀਮਾ ਅਨੁਸਾਰ, ''ਬਾਦਲ ਪੰਜਾਬ ਦੇ ਲੋਕਾਂ ਅਤੇ ਦੇਸ਼-ਵਿਦੇਸ਼ ਵੱਸਦੀ ਸੰਗਤ ਨੂੰ ਅਜਿਹੀ ਡਰਾਮੇਬਾਜ਼ੀ ਨਾਲ ਗੁਮਰਾਹ ਕਰਨ ਦੀ ਗ਼ਲਤੀ ਨਾ ਕਰਨ, ਕਿਉਂਕਿ 267 ਸਰੂਪ ਚੋਰੀ ਹੋਣ ਲਈ ਐਸਜੀਪੀਸੀ ਸਿੱਧੇ ਤੌਰ 'ਤੇ ਕਟਹਿਰੇ 'ਚ ਹੈ, ਜਿਸ ਦੀ ਕਮਾਨ ਬਾਦਲਾਂ ਕੋਲ ਹੀ ਹੈ।''
ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਲਿਆਣ ਪਿੰਡ ਦੀ ਪਵਿੱਤਰ ਬੀੜ ਸਮੇਤ 267 ਸਰੂਪਾਂ ਦੇ ਮਾਮਲੇ ਦੀ ਸਮਾਂਬੱਧ ਜਾਂਚ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤੀ ਜਾਵੇ।
ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ 267 ਪਾਵਨ ਸਰੂਪਾਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਵਿਖੇ ਧਰਨੇ ਲਗਾਏਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਬੇਅਦਬੀਆਂ ਦੇ ਮਾਮਲਿਆਂ 'ਚ ਕਿਵੇਂ ਕਾਾਗਰਸ ਸਰਕਾਰ ਬਾਦਲਾਂ ਨੂੰ ਬਚਾ ਰਹੀ ਹੈ ਅਤੇ ਐਸਜੀਪੀਸੀ ਦਾ ਧਿਆਨ 'ਗੁਰੂ' ਦੀ ਥਾਂ 'ਤੇ ਗੋਲਕਾਂ ਦੀ ਪਹਿਰੇਦਾਰੀ 'ਤੇ ਕਿਉਂ ਵੱਧ ਰਹਿੰਦਾ ਹੈ?
ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 1985 ਦੇ ਨਕੋਦਰ ਕਾਂਡ ਤੋਂ ਲੈ ਕੇ ਅੱਜ ਤੱਕ ਸੂਬੇ 'ਚ ਹੋਈਆਂ ਬੇਅਦਬੀ ਜਾਂ ਸਰੂਪ ਚੋਰੀ ਹੋਣ ਵਾਲੀਆਂ ਘਟਨਾਵਾਂ ਬਾਰੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦਾ ਇੱਕੋ ਜਿਹਾ ਰਵੱਈਆ ਰਿਹਾ ਹੈ।
ਇਸ ਮੌਕੇ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਡਾ. ਬਲਵੀਰ ਸਿੰਘ, ਐਡਵੋਕੇਟ ਸਤਬੀਰ ਸਿੰਘ ਬਖਸ਼ੀਵਾਲਾ, ਚੇਤਨ ਸਿੰਘ ਜੋੜੇਮਾਜਰਾ, ਤੇਜਿੰਦਰ ਮਹਿਤਾ, ਕੁੰਦਨ ਗੋਗਿਆ, ਪ੍ਰੀਤੀ ਮਲਹੋਤਰਾ, ਅਮਿੱਤ ਵਿਕੀ ਅਤੇ ਹੋਰ ਵਲੰਟੀਅਰ ਸ਼ਾਮਲ ਸਨ।