ਸ੍ਰੀ ਓ ਪੀ ਸੋਨੀ ਦੀ ਅਗਵਾਈ ਹੇਠ ਵਿਧਾਇਕ ਸਾਹਿਬਾਨ ਨੇ ਲਿਆ ਪ੍ਰੋਗਰਾਮ ਵਿਚ ਹਿੱਸਾ
ਜਿਲੇ ਵਿਚ ਵੰਡੇ ਜਾਣਗੇ 13741 ਸਮਾਰਟ ਫੋਨ
ਅੰਮ੍ਰਿਤਸਰ, 12 ਅਗਸਤ 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਚੋਣ ਵਾਅਦੇ ਮੁਤਾਬਿਕ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਪਹਿਲੀ ਖੇਪ ਅੱਜ ਅੰਮ੍ਰਿਤਸਰ ਵਿਚ ਵੰਡਣੀ ਸ਼ੁਰੂ ਕੀਤੀ ਗਈ।। ਮਾਲ ਰੋਡ ਸਕੂਲ ਵਿਚ ਕਰਵਾਏ ਗਏ ਸੰਖੇਪ ਸਮਾਗਮ ਦੀ ਅਗਵਾਈ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਮੋਬਾਈਲ ਫੋਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਕਿਹਾ ਕਿ ਕੋਵਿਡ-19 ਸੰਕਟ ਦੇ ਬਾਵਜੂਦ ਉਨਾਂ ਦੀ ਅਗਵਾਈ ਹੇਠ ਸਰਕਾਰ ਬੱਚਿਆਂ ਨੂੰ ਆਨ-ਲਾਈਨ ਪੜਾਈ ਲਈ ਮੋਬਾਈਲ ਫੋਨ ਵੰਡ ਰਹੀ ਹੈ।। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ 12ਵੀਂ ਜਮਾਤ ਵਿਚ ਪੜਦੇ ਸਾਰੇ ਬੱਚੇ, ਜਿੰਨਾ ਦੀ ਗਿਣਤੀ 13741 ਹੈ, ਨੂੰ ਮੋਬਾਈਲ ਫੋਨ ਦਿੱਤੇ ਜਾਣਗੇ।। ਉਨਾਂ ਦੱਸਿਆ ਕਿ ਇਸ ਵਿਚ 7096 ਲੜਕੇ ਅਤੇ 6645 ਲੜਕੀਆਂ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਮੋਬਾਈਲ ਫੋਨ ਸਾਰੇ ਸਕੂਲਾਂ ਵਿਚ ਵੰਡੇ ਜਾਣਗੇ, ਤਾਂ ਜੋ ਕੋਰੋਨਾ ਕਾਰਨ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨ-ਲਾਇਨ ਪੜਾਈ ਦਾ ਲਾਹਾ ਇਹ ਬੱਚੇ ਵੀ ਲੈ ਸਕਣ।। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿਚ 1 ਲੱਖ 73 ਹਜ਼ਾਰ 823 ਸਮਾਰਟ ਫੋਨ ਦਿੱਤੇ ਜਾ ਰਹੇ ਹਨ, ਜਿੰਨਾ ਉਤੇ ਪੰਜਾਬ ਸਰਕਾਰ ਕਰੀਬ 92 ਕਰੋੜ ਰੁਪਏ ਖਰਚ ਕਰ ਰਹੀ ਹੈ।।
ਉਨਾਂ ਦੱਸਿਆ ਕਿ ਇਹ ਫੋਨ ਬੱਚਿਆਂ ਦੀ ਲੋੜ ਨੂੰ ਧਿਆਨ ਵਿਚ ਰੱਖਕੇ ਤਿਆਰ ਕਰਵਾਏ ਗਏ ਹਨ, ਤਾਂ ਜੋ ਇਹ ਕੇਲਵ ਮਨਪਰਚਾਵੇ ਤੱਕ ਸੀਮਤ ਨਾ ਹੋ ਕੇ ਬੱਚਿਆਂ ਲਈ ਆਨ-ਲਾਇਨ ਪੜਾਈ ਦਾ ਵਿਸ਼ੇਸ਼ ਸਾਧਨ ਬਣਨ।। ਉਨਾਂ ਦੱਸਿਆ ਕਿ ਇਸ ਵਿਚ ਪੜਾਈ ਦੇ ਨਾਲ-ਨਾਲ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ, ਤਾਂ ਜੋ ਬੱਚੇ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕਰ ਸਕਣ।। ਸ੍ਰੀ ਸੋਨੀ ਨੇ ਦੱਸਿਆ ਕਿ 2 ਜੀ ਬੀ ਰੈਮ ਦੇ ਇਸ ਮੋਬਾਈਲ ਫੋਨ ਵਿਚ ਨੌਜਵਾਨ ਰੋਜ਼ਗਾਰ ਪ੍ਰਾਪਤੀ ਸਬੰਧੀ ਸਹਾਇਤਾ, ਕਾਰੋਬਾਰ ਸ਼ੁਰੂ ਕਰਨ, ਭਰਤੀ ਸਬੰਧੀ ਸਹਾਇਤਾ ਵੀ ਲੈ ਸਕਣਗੇ।। ਇਸ ਤੋਂ ਇਲਾਵਾ ਵਿੱਤੀ ਲੈਣ-ਦੇਣ ਮੌਕੇ ਡਿਜ਼ੀਟਲ ਪੇਮੈਂਟ ਕਰਨ ਦੀ ਆਪਸ਼ਨ ਵੀ ਇੰਨਾਂ ਫੋਨਾਂ ਵਿਚ ਦਿੱਤੀ ਗਈ ਹੈ।। ਸ੍ਰੀ ਸੋਨੀ ਨੇ ਦੱਸਿਆ ਕਿ 5.45 ਇੰਚ ਦਾ ਡਿਸਪਲੇਅ, 1.5 ਪ੍ਰੋਸੈਸਰ, 3000 ਐਮ ਐਚ ਬੈਟਰੀ, ਦੋਵਾਂ ਪਾਸੇ ਕੈਮਰੇ, ਅੰਡਰਾਇਡ 9.0, 16 ਜੀ ਬੀ ਰੋਮ ਜੋ ਕਿ 128 ਜੀ ਬੀ ਤੱਕ ਵਧ ਸਕਦੀ ਹੈ, ਮੋਬਾਈਲ ਫੋਨ ਦਾ ਹਿੱਸਾ ਹਨ। ਉਨਾਂ ਸਿੱਖਿਆ ਵਿਭਾਗ ਨੂੰ ਚੰਗੇ ਨਤੀਜੇ ਦੇਣ ਤੇ ਵੱਡੀ ਗਿਣਤੀ ਵਿਚ ਬੱਚਿਆਂ ਦੇ ਸਕੂਲਾਂ ਵਿਚ ਦਾਖਲੇ ਕਰਨ ਲਈ ਵੀ ਵਧਾਈ ਦਿੱਤੀ।। ਇਸ ਮੌਕੇ ਸ੍ਰੀ ਸੋਨੀ ਵਲੋਂ ਸ਼ਹਿਰਵਾਸੀਆਂ ਨੂੰ ਜਨਮਅਸ਼ਟਮੀ ਅਤੇ ਕੌਮਾਂਤਰੀ ਯੂਥ ਦਿਵਸ ਦੀ ਵਧਾਈ ਵੀ ਦਿੱਤੀ।।
ਜਿਲਾ ਸਿੱਖਿਆ ਅਧਿਕਾਰੀ ਸ੍ਰੀ ਸਤਿੰਦਰਬੀਰ ਸਿੰਘ ਨੇ ਬੱਚਿਆਂ ਦੀ ਸਹੂਲਤ ਲਈ ਕੀਤੀ ਇਸ ਪਹਿਲ ਉਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੱਜ ਰਸਮੀ ਤੌਰ ਉਤੇ ਮਜੀਠਾ ਸਕੂਲ ਦੇ 15 ਬੱਚਿਆਂ, ਜਿੰਨਾ ਵਿਚ 9 ਲੜਕੀਆਂ ਤੇ 6 ਲੜਕੇ ਸ਼ਾਮਿਲ ਹਨ, ਨੂੰ ਮੋਬਾਈਲ ਫੋਨ ਦੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਰੈਂਕ ਸ੍ਰੀ ਰਾਜ ਕੁਮਾਰ ਵੇਰਕਾ ਤੇ ਸ. ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਕੌਂਸਲਰ ਸ੍ਰੀ ਵਿਕਾਸ ਸੋਨੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਮੈਂਬਰ ਪੰਜਾਬ ਯੂਥ ਵਿਕਾਸ ਬੋਰਡ ਡਾ. ਆਂਚਲ ਅਰੋੜਾ, ਸ੍ਰੀ ਅਦਿੱਤਿਆ ਦੱਤੀ, ਸ੍ਰੀ ਹਰਜਿੰਦਰ ਸਿੰਘ ਚੇਅਰਮੈਨ, ਸ. ਜਸਵਿੰਦਰ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ।