ਜਲ੍ਹਿਆਂ ਵਾਲਾ ਬਾਗ ਅਜਾਦੀ ਦੀ ਲੜਾਈ ਦੀ ਅਹਿਮ ਘਟਨਾ
13 ਅਗਸਤ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦੇ ਜ਼ਿੰੰਮੇਵਾਰ ਮਾਈਕਲ ਓਡਵਾਇਰ ਦੀ ਪੋਤਰੀ ਦੇ ਉਸ ਬਿਆਨ `ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਜਿਸ ਵਿਚ ਉਸ ਨੇ ਜਲ੍ਹਿਆਂ ਵਾਲੇ ਬਾਗ ਨੂੰ ਦੰਗਿਆਂ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਦੱਸਿਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਮਨੁੱਖਤਾ ਵਿਰੁੱਧ ਬਹੁਤ ਘਿਨੌਣਾ ਕਾਂਡ ਦਸਦਿਆਂ ਕਿਹਾ ਕਿ ਇਸ ਬਾਗ ਦੀ ਇਤਿਹਾਸਕ ਮੌਲਿਕਤਾ ਨੂੰ ਵਿਗਾੜ ਕੇ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ ਸਗੋਂ ਉਸੇ ਰੂਪ ਵਿਚ ਹੀ ਸੰਭਾਲੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿਚ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦੀ ਮਹੱਤਤਾ ਅਤੇ ਇਤਿਹਾਸਕ ਭੂਮਿਕਾ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਉਹ ਵਿਦਵਾਨਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਅਜਾਦੀ ਘੁਲਾਟੀਆਂ ਦੇ ਮਹਾਨ ਘੋਲ ਨੂੰ ਅਜਾਦੀ ਦੀ ਵੱਡੀ ਘਟਨਾ ਐਲਾਨਿਆ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਜਲ੍ਹਿਆਂ ਵਾਲੇ ਬਾਗ ਨੂੰ ਸਮਰਪਿਤ ਜਲ੍ਹਿਆਂ ਵਾਲੇ ਬਾਗ ਦਾ ਦੁਖਾਂਤ (1919): ਇਤਿਹਾਸ ਅਤੇ ਸਾਹਿਤ ਵਿਸ਼ੇ `ਤੇ ਕਰਵਾਏ ਵੈਬੀਨਾਰ `ਚ ਵਿਸ਼ੇਸ਼ ਤੌਰ `ਤੇ ਸੰਬੋਧਨ ਹੋ ਰਹੇ ਸਨ। ਇਸ ਸੈਮੀਨਾਰ ਵਿਚ ਜਿਥੇ ਵੱਖ ਵੱਖ ਉਘੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਆਪਣੇ ਪਰਚੇ ਪੜ੍ਹੇ ਉਥੇ ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਵੈਬੀਨਾਰ ਵਿਚ ਹਿੱਸਾ ਲੈਣ ਅਤੇ ਇਤਿਹਾਸਕ ਪਰਿਪੇਖ ਤੋਂ ਆਪਣੇ ਵਿਚਾਰ ਪ੍ਰਗਟ ਕਰਨ `ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਤਿਹਾਸ ਵਿਭਾਗ ਦੀ ਮੁਖੀ, ਡਾ. ਅਮਨਦੀਪ ਬੱਲ ਨੇ ਇਸ ਤੋਂ ਪਹਿਲਾਂ ਵੈਬੀਨਾਰ ਵਿਚ ਹਿੱਸਾ ਲੈਣ ਵਾਲੇ ਵੱਖ ਵੱਖ ਵਿਦਵਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੈਬੀਨਾਰ `ਚ ਸ਼ਾਮਿਲ ਹੋਣ `ਤੇ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਵੀ ਇਸ ਮੌਕੇ ਵੈਬੀਨਾਰ ਦਾ ਹਿੱਸਾ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੈਬੀਨਾਰ ਵਿਚ ਆਪਣਾ ਸੰਬੋਧਨ ਜਾਰੀ ਰੱਖਦਿਆਂ ਜਿਥੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਇਸ ਵੈਬੀਨਾਰ ਦੇ ਲਈ ਵਿਸ਼ੇਸ਼ ਤੌਰ `ਤੇ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਕਿਹਾ ਕਿ ਅਜਿਹੇ ਵੈਬੀਨਾਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਲਾਭਕਾਰੀ ਸਿੱਧ ਹੋਣਗੇ ਜਿਸ ਨਾਲ ਉਨ੍ਹਾਂ ਨੂੰ ਸਾਡੇ ਸ਼ਹਾਦਤ ਦੇ ਵਿਰਸੇ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਇਸ ਵੈਬੀਨਾਰ ਦੀ ਦੇਸ਼ ਦੇ 74ਵੇਂ ਅਜ਼ਾਦੀ ਦਿਵਸ ਕਰਵਾਏ ਜਾਣ ਨੂੰ ਹੋਰ ਵੀ ਚੰਗਾ ਦਸਦਿਆਂ ਕਿਹਾ ਕਿ ਇਸ ਦੇ ਨਾਲ ਦੇਸ਼ ਅਤੇ ਅਜਾਦੀ ਘੁਲਾਟੀਆਂ ਪ੍ਰਤੀ ਸਾਡੀ ਸੱਚੀ ਸ਼ਰਧਾ ਭੇਟ ਹੋਵੇਗੀ ਉਥੇ ਉਨ੍ਹਾਂ ਨੇ ਇਸ ਮੌਕੇ ਜਲ੍ਹਿਆਂ ਵਾਲੇ ਬਾਗ ਦਾ ਦੁਖਾਂਤ ਦੇ ਜ਼ਿੰੰਮੇਵਾਰ ਮਾਈਕਲ ਓਡਵਾਇਰ ਦੀ ਪੋਤਰੀ ਦੀ ਓਨਾਂ ਸ਼ਬਦਾ ਦੀ ਸਖਤ ਲਫਜ਼ਾਂ ਵਿਚ ਨਿਖੇਦੀ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੀ ਇਕ ਇੰਟਰਵਿਊ ਵਿਚ ਜਲ੍ਹਿਆਂ ਵਾਲੇ ਬਾਗ ਨੂੰ ਮਨੁੱਖਤਾ ਵਿਰੁੱਧ ਘਨੌਣੀ ਕਾਰਵਾਈ ਦੀ ਥਾਂ `ਤੇ ਮਹਿਜ਼ ਦੰਗਿਆਂ ਨੂੰ ਦਬਾਉਣ ਦੀ ਛੋਟੀ ਜਿਹੀ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਲ੍ਹਿਆਂ ਵਾਲੇ ਬਾਗ ਦੀ ਇਤਿਹਾਸਕ ਘਟਨਾ ਹਿੰਦੋਸਤਾਨ ਵਾਸੀਆਂ ਦੀ ਮਾਨਸਿਕਤਾ ਵਿਚ ਅਹਿਮ ਸਥਾਨ ਰਖਦੀ ਹੈ ਅਤੇ ਇਸ ਨੂੰ ਸਿਰਫ ਛੋਟੀ ਜਿਹੀ ਦੰਗਿਆਂ ਨੂੰ ਦਬਾਉਣ ਵਾਲੀ ਘਟਨਾ ਕਹਿਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਲ੍ਹਿਆਂ ਦੇ ਬਾਗ ਪ੍ਰਤੀ ਅਜਿਹੀ ਸੋਚ ਬਦਲਣੀ ਚਾਹੀਦੀ ਹੈ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੀ ਮਿੱਟੀ ਦੀ ਖਾਧੀ ਸਹੁੰ ਨੂੰ ਪੂਰਿਆਂ ਕੀਤਾ ਹੈ ਉਹ ਹੀ ਜਜ਼ਬਾ ਸਾਡੇ ਦਿਲਾਂ ਵਿਚ ਜਲ੍ਹਿਆਂ ਵਾਲੇ ਬਾਗ ਪ੍ਰਤੀ ਅੱਜ ਵੀ ਜਿਉਂਦਾ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਤਹਾਸਕਾਰਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਉਹ ਅਜਾਦੀ ਦੀ ਲੜਾਈ ਵਿਚ ਇਸ ਘਟਨਾ ਨੂੰ ਅਹਿਮ ਸਥਾਨ ਦਿੰਦੇ ਹਨ ਜਿਸ ਨੇ ਸਾਰੇ ਦੇਸ਼ ਦੇ ਲੋਕਾਂ ਵਿਚ ਦੇਸ਼ਪ੍ਰੇਮ ਦਾ ਜਜ਼ਬਾ ਪੈਦਾ ਕਰ ਦਿੱਤਾ ਸੀ। ਵੈਬੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ਰੀਇਮੇਜਿੰਗ ਜਲ੍ਹਿਆਂ ਵਾਲਾ ਬਾਗ ਮਾਸਏਕਰ (1919-2019) ਜੋ ਕਿ ਪ੍ਰੋ. ਅਮਨਦੀਪ ਬੱਲ ਵੱਲੋਂ ਸੰਪਾਦਤ ਕੀਤੀ ਗਈ ਹੈ ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਵੈਬੀਨਾਰ ਦੌਰਾਨ ਵੱਖ ਵੱਖ ਸੈਸ਼ਨਾਂ ਵਿਚ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
ਅੰਬੇਦਕਰ ਯੂਨੀਵਰਸਿਟੀ, ਦਿੱਲੀ ਦੇ ਪ੍ਰੋ. ਸਲਿਲ ਮਿਸ਼ਰਾ ਨੇ ਜਲ੍ਹਿਆਂ ਵਾਲੇ ਬਾਗ ਦੀ ਵਿਰਾਸਤ ਬਾਰੇ ਸੁਆਲ ਕਰਦਿਆਂ ਦੱਸਿਆ ਕਿ ਅੰਗਰੇਜ਼ਾਂ ਵੱਲੋਂ ਜਲ੍ਹਿਆਂ ਵਾਲੇ ਬਾਗ ਨੂੰ ਕਿਸ ਤਰ੍ਹਾਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ ਇਸ ਇਕੱਠ 1857 ਦੇ ਨਜ਼ਰੀਏ ਤੋਂ ਵੇਖ ਰਹੇ ਸਨ। ਇਸ ਮਨੋਸਥਿਤੀ ਨਾਲ ਉਹ ਰੌਲਟ ਸਤਿਆਗ੍ਰਹਿ ਤੋਂ ਹੈਰਾਨ ਸਨ ਅਤੇ ਇਸ ਮਾਨਸਿਕਤਾ ਤਹਿਤ ਭਾਰਤ ਵਿਚ ਖਾਸ ਕਰਕੇ ਪੰਜਾਬ ਹੋ ਰਹੇ ਵਿਦਰੋਹ ਦੀ ਸਥਿਤੀ ਨੂੰ ਦੇਖ ਰਹੇ ਸਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਪ੍ਰੋ. ਸੁਚੇਤਾ ਮਹਾਜਨ ਨੇ ਦੁਖਾਂਤ ਦੀ ਯਾਦ ਵਿਚ ਜਲ੍ਹਿਆਂ ਵਾਲਾ ਬਾਗ ਵਿਸ਼ੇ `ਤੇ ਬੋਲਦਿਆਂ ਭਾਰਤੀ ਅਤੇ ਪੰਜਾਬੀ ਹੋਣ ਦੇ ਨਾਤੇ ਜਲ੍ਹਿਆਂ ਵਾਲੇ ਬਾਗ ਦੀ ਯਾਦ ਦੀ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ।
ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਅਤੇ ਰਿਟਾਇਰਡ ਭਾਰਤੀ ਰਾਜਦੂਤ ਇਸ ਮੌਕੇ ਤੀਜੇ ਮੁੱਖ ਵਕਤਾ ਸਨ ਜਿਨ੍ਹਾਂ ਨੇ ਹਾਲ ਵਿਚ ਹੀ ਨਾਵਲਕਾਰ ਦੀ ਰਚਨਾ `ਖੂਨੀ ਵੈਸਾਖੀ` ਦਾ ਅੰਗਰੇਜ਼ੀ ਵਿਚ ਤਰਜ਼ਮਾਂ ਕੀਤਾ ਹੈ ਨੇ ਨਾਵਲਕਾਰ ਨਾਨਕ ਸਿੰਘ ਦੀ ਨਜ਼ਰ ਤੋਂ ਜਲ੍ਹਿਆਂ ਵਾਲੇ ਬਾਗ ਦਾ ਦੁਖਾਂਤ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਹ ਪੁਸਤਕ ਇਤਿਹਾਸ ਦੇ ਨਜ਼ਰੀਏ ਤੋਂ ਬਹੁਤ ਦਿਲਚਸਪ ਅਤੇ ਮਹੱਤਵਪੂਰਨ ਪੁਸਤਕ ਹੈ। ਉਨ੍ਹਾਂ ਨੇ ਪੁਸਤਕ ਦੇ ਕੁਝ ਅੰਸ਼ ਅਤੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸਰਮਿਸ਼ਠਾ ਦੱਤਾ ਗੁਪਤਾ ਨੇ ਵਿਕਟੋਰੀਆ ਮੈਮੋਰੀਅਲ ਹਾਲ ਦੇ ਸਹਿਯੋਗ ਨਾਲ ਜਲ੍ਹਿਆਂ ਵਾਲਾ ਬਾਗ ਅਤੇ ਰਬਿੰਦਰਨਾਥ ਟੈਗੋਰ ਵੱਲੋਂ ਕਤਲੇਆਮ ਪ੍ਰਤੀ ਪ੍ਰਤੀਕਿਰਿਆ ਸੰਭਾਲ ਕੇ ਰੱਖਣ ਸਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਰਬਿੰਦਰ ਨਾਥ ਟੈਗੋਰ ਦੀਆਂ ਦੁਰਲੱਭ ਫੋਟੋਆਂ ਵੀ ਸਾਂਝੀਆਂ ਕੀਤੀਆਂ।
ਦੂਜੇ ਸੈਸ਼ਨ ਵਿਚ ਬੁਲਾਰਿਆਂ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਸੁਖਦੇਵ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਨੂੰ ਇਕ ਕਿੱਸਾ, ਦੁਖਾਂਤ ਜਾਂ ਕਤਲੇਆਮ ਵਜੋਂ ਲੈਣ ਬਾਰੇ ਵਿਚਾਰ ਪੇਸ਼ ਕੀਤੇ। ਅਜ਼ਾਦ ਲਿਟਰੇਰੀ ਹਿਸਟੋਰੀਅਨ ਅਤੇ ਅਲੋਚਕ ਡਾ. ਰਖਸ਼ੰਦਾ ਜਲਿਲ ਨੇ ਹਾਲ ਵਿਚ ਹੀ ਪ੍ਰਕਾਸ਼ਤ ਜਲ੍ਹਿਆਂ ਵਾਲੇ ਬਾਗ ਬਾਰੇ ਉਰਦੂ ਸਾਹਿਤ `ਤੇ ਵਿਚਾਰ ਪੇਸ਼ ਕੀਤੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਚਮਨ ਲਾਲ ਨੇ ਰਜਨੀਸ਼ ਵਾਟਸ ਦੇ ਹਿੰਦੀ ਨਾਵਲ ਅੰਮ੍ਰਿਤਸਰ 1919 ਅਤੇ ਅੰਬੇਦਕਰ ਯੂਨੀਵਸਿਟੀ ਤੋਂ ਪ੍ਰੋ. ਬੋਧ ਪ੍ਰਕਾਸ਼ ਨੇ ਜਲ੍ਹਿਆਂ ਵਾਲਾ ਬਾਗ ਅਤੇ ਰਾਸ਼ਟਰ ਬਾਰੇ ਵਿਚਾਰ ਪੇਸ਼ ਕੀਤੇ।