ਅੰਮ੍ਰਿਤਸਰ, 14 ਅਗਸਤ 2020: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਬੁਲਾਰਾ ਤੇ ਸਕੱਤਰ ਰਹੇ ਸ੍ਰ. ਦਿਲਜੀਤ ਸਿੰਘ ਬੇਦੀ ਜੋ ਅੱਜ ਕੱਲ ਬੁੱਢਾ ਦਲ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਨੇ ਦੇਸ਼ ਅੰਦਰ ਪੱਤਰਕਾਰਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੇ ਚਿੰਤਾ ਵਿਅਕਤ ਕਰਦਿਆਂ ਇਸ ਨੂੰ ਪੱਤਰਕਾਰੀ ਦੀ ਅਜਾਦੀ ਤੇ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਦਿਲੀ ਤੋਂ ਛਪਦੇ ਇਕ ਨਾਮਵਰ ਰਸਾਲੇ ਦੇ ਤਿੰਨ ਪੱਤਰਕਾਰਾਂ ਤੇ ਇਕ ਫਿਰਕੇ ਦੇ ਹਜ਼ੂਮ ਵਲੋਂ ਜਬਰਦਸਤ ਹਮਲਾ ਕਰਕੇ ਉਨ੍ਹਾਂ ਦੀ ਬੇਪਤੀ ਕੀਤੀ ਗਈ ਹੈ ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ।ਉਨ੍ਹਾਂ ਪੱਤਰਕਾਰਾਂ ਵਲੋਂ ਦਿੱਤੀ ਸ਼ਕਾਇਤ ਤੇ ਦਿਲੀ ਪੁਲਿਸ ਐਫ. ਆਰ. ਆਈ. ਦਰਜ ਨਹੀਂ ਕਰ ਰਹੀ।
ਸ੍ਰ. ਬੇਦੀ ਨੇ ਕਿਹਾ ਕਿ ਇਹ ਘਟਨਾ ਪਹਿਲੀ ਨਹੀਂ ਹੈ ਜਦੋਂ ਲੋਕਤੰਤਰ ਚੌਥੇ ਥੰਮ ਅਖਵਾਉਣ ਵਾਲੇ ਪੱਤਰਕਾਰਤਾ ਨੂੰ ਹੀ ਗੋਡਿਆਂ ਪਰਨੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਐਸੇ ਸਮੇਂ ਨਿਰਪੱਖਤਾ-ਪਾਰਦਰਸ਼ਤਾ ਕਿਤੇ ਵਿਖਾਈ ਨਹੀਂ ਦੇ ਸਕਦੀ।ਫਰਵਰੀ ਮਹੀਨੇ ਦਿਲੀ ਵਿੱਚ ਹਿੰਸਾ ਦੌਰਾਨ ਭੜਕੀਆਂ ਭੀੜਾਂ ਨੇ, “ਨਿਊਜ਼ ਐਕਸ” ਦੀ ਸਿਰਿਆ ਚੈਟਰਜੀ, ਟਾਈਮਜ ਨਾਓ ਦੀ ਪ੍ਰਵੀਨਾ ਪੁਰਕਾਇਸਥਾ, ਟਾਈਮਜ ਆਫ ਇੰਡੀਆ ਦੀ ਅਨਿੰਨਦਿਆ ਚਟੋਪਾਧਿਆ, “ਰਾਈਟਰਜ਼” ਦਾ ਦਾਨਿਸ਼ ਸਦੀਕੀ, ਕਈ ਹੋਰ ਪੱਤਰਕਾਰ ਵੀ ਸਨ ਨੂੰ ਆਪਣੇ ਗੁਸੇ ਦਾ ਸ਼ਿਕਾਰ ਬਣਾਇਆ।ਹਿੰਦੂ ਅਖਬਾਰ ਦੇ ਉਮਰ ਰਸੀਦ, ਕੰਨੜ ਅਖਬਾਰ “ਵਰਥਾ ਭਾਰਤੀ” ਦੇ ਇਸਮਾਇਲ ਜੋਆਇਰਜ਼ ਨੂੰ ਪੁਲਿਸ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਕਿ ਇਹਨਾਂ ਹਮਲਿਆਂ ਦੀਆਂ ਖਬਰਾਂ ਪ੍ਰਕਾਸ਼ਤ ਕਰਨ ਵਾਲੇ 55 ਪੱਤਰਕਾਰਾਂ ਤੇ ਪੁਲਿਸ ਕਾਰਵਾਈ ਕੀਤੀ ਗਈ ਹੈ।ਇਸ ਤੋਂ ਵੱਡੀ ਹੋਰ ਸਰਕਾਰ ਲਈ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਅਫਸੋਸਨਾਕ ਖਬਰਾਂ ਦੇਸ਼ ਦੇ ਭਲੇ ਵਿਚ ਨਹੀਂ ਹਨ।ਹੁਕਮਰਾਨ ਸਿਆਸੀ ਜਮਾਤ ਨੇ ਲੋਕ ਮਾਨਸ ਤੇ ਏਹੋ ਜਿਹਾ ਪ੍ਰਭਾਵ ਪਾਇਆ ਹੈ ਕਿ ਪੱਤਰਕਾਰਾਂ, ਦਾਨਿਸਵਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਭਾਰਤੀ ਜਮਹੂਰੀਅਤ ਲਈ ਹਨੇਰੇ ਵਾਲਾ ਸਮਾਂ ਹੈ।ਉਨ੍ਹਾਂ ਕਿਹਾ ਕਿ ਦਿਲੀ ਸਰਕਾਰ ਇਕ ਪਾਸੇ ਸਾਫ ਸੁਥਰਾ, ਨਿਆਂ ਪੂਰਵਕ, ਪਾਰਦਰਸ਼ੀ ਅਤੇ ਲੋਕ ਹਤੈਸੀ ਰਾਜ ਦੇਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਪੱਤਰਕਾਰਾਂ ਤੇ ਹੀ ਜ਼ੁਲਮ ਤੇ ਅਤਿਆਚਾਰ ਢਾਹਿਆ ਜਾ ਰਿਹਾ ਹੈ।