ਨਜ਼ਦੀਕੀ ਕਸਬਿਆਂ ਦੀਆਂ ਪਰੈਸ ਕਲੱਬਾਂ ਨੇ ਵੀ ਸਹਿਯੋਗ ਦਾ ਕੀਤਾ ਵਾਅਦਾ
ਮਾਮਲਾ ਸਿਅਾਸੀ ਗੁੰਡਿਆਂ ਵੱਲੋਂ ਪਰੈਸ ਕਲੱਬ 'ਤੇ ਕੀਤੇ ਹਮਲੇ ਦਾ
ਫਿਰੋਜਪੁਰ, 13.08.2020: ਬੀਤੇ ਦਿਨ ਕੁਝ ਗੁੰਡਾ ਅਨਸਰਾਂ ਵੱਲੋਂ ਪਰੈਸ ਕਲੱਬ ਫਿਰੋਜ਼ਪੁਰ ਅੰਦਰ ਦਾਖਲ ਹੋ ਕੇ ਪੱਤਰਕਾਰ ਗੁਰਨਾਮ ਸਿੱਧੂ 'ਤੇ ਕੀਤੇ ਜਾਨਲੇਵਾ ਹਮਲੇ ਵਿਚ ਸਿੱਧੂ ਨੂੰ ਗੰਭੀਰ ਜਖ਼ਮੀ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ 8 ਜਣਿਅਾਂ ਦੇ ਖਿਲਾਫ ਇਰਾਦਾ ਏ ਕਤਲ ਦਾ ਮਾਮਲਾ ਤਾਂ ਦਰਜ ਕਰ ਲਿਅਾ ਹੈ ਪਰ ਸਾਰੇ ਹੀ ਦੋਸ਼ੀ ਅਜੇ ਤੱਕ ਪੁਲਸ ਦੀ ਪਕੜ ਤੋਂ ਦੂਰ ਹਨ ਉਧਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਜਤਾਉਂਦਿਆਂ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੀ ਇੱਕ ਹੰਗਾਮੀ ਮੀਟਿੰਗ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਗੁਰਨਾਮ ਸਿੱਧੂ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸੰਧੂ ਨੇ ਆਖਿਆ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ 'ਤੇ ਉਨ੍ਹਾਂ ਦੇ ਅਦਾਰੇ ,ਉਨ੍ਹਾਂ ਦੇ ਕਲੱਬ ਅੰਦਰ ਆ ਕੇ ਹਮਲਾ ਕਰਨਾ ਜਤਾਉਂਦਾ ਹੈ ਕਿ ਸੂਬੇ ਅੰਦਰ ਗ਼ੈਰ ਸਮਾਜੀ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਪੁਲਿਸ ਤੋਂ ਬਿਲਕੁੱਲ ਹੀ ਬੇਖੌਫ ਹੋ ਗਏ ਹਨ । ਪ੍ਰਧਾਨ ਨੇ ਆਖਿਆ ਕਿ ਬੇਸ਼ੱਕ ਪੁਲਿਸ ਵੱਲੋਂ ਬਣਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ।ਇਸ ਚ ਇਸ ਦੌਰਾਨ ਕਲੱਬ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇ ਪੁਲੀਸ ਵੱਲੋਂ ਛੇਤੀ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਪੰਦਰਾਂ ਅਗਸਤ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇਗਾ । ਇਸ ਦੌਰਾਨ ਜ਼ਿਲ੍ਹੇ ਦੇ ਦੂਜੀਆਂ ਤਹਿਸੀਲਾਂ ਅਤੇ ਛੋਟੇ ਕਸਬਿਆਂ ਤੋਂ ਵੀ ਪੱਤਰਕਾਰਾਂ ਵੱਲੋਂ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਅਤੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ । ਇਸ ਮੋਕੇ ਹਲਕਾ ਗੁਰੂਹਰਸਹਾਏ,ਮੱਲਾਂਵਾਲਾ,ਜ਼ੀਰਾ,ਮੁੱਦਕੀ ,ਮਮਦੋਟ ਅਤੇ ਫਿਰੋਜ਼ਪੁਰ ਦਿਹਾਤੀ ਪਰੈਸ ਕਲੱਬਾਂ ਨੇ ਪੱਤਰਕਾਰ ਗੁਰਨਾਮ ਸਿੱਧੂ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਮਸਲੇ 'ਤੇ ਪਰੈਸ ਕਲੱਬ ਫ਼ਿਰੋਜ਼ਪੁਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਐਲਾਨ ਕੀਤਾ।