ਕੋਵਿਡ ਨਾਲ ਨਜਿੱਠਣ ਲਈ ਪੰਜਾਬ 'ਚ ਲੋੜੀਂਦੇ ਸਾਰੇ ਇੰਤਜ਼ਾਮ ਪੂਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ-ਸਿਹਤ ਮੰਤਰੀ
ਸਿਹਤ ਵਿਭਾਗ 'ਚ ਪਹਿਲੇ ਪੜਾਅ ਤਹਿਤ 4,000 ਆਸਾਮੀਆਂ ਦੀ ਭਰਤੀ ਸ਼ੁਰੂ, ਜਲਦੀ ਹੋਰ ਭਰਤੀ ਕੀਤੀ ਜਾਵੇਗੀ-ਸਿਹਤ ਮੰਤਰੀ
ਬਲਬੀਰ ਸਿੰਘ ਸਿੱਧੂ ਨੇ 74ਵੇਂ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਪਟਿਆਲਾ, 15 ਅਗਸਤ 2020: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਜਿਸ ਹੌਂਸਲੇ ਅਤੇ ਹਿੰਮਤ ਨਾਲ ਆਜ਼ਾਦੀ ਦੀ ਜੰਗ ਜਿੱਤੀ ਸੀ, ਉਸੇ ਤਰ੍ਹਾਂ ਕਰੋਨਾ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੀ ਜੰਗ 'ਮਿਸ਼ਨ ਫ਼ਤਿਹ' ਨੂੰ ਵੀ ਜਿੱਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਇਸ ਜੰਗ ਵਿੱਚ ਯੋਗਦਾਨ ਪਾਉਣ ਲਈ ਸਾਨੂੰ ਆਪਸੀ ਦੂਰੀ, ਮਾਸਕ ਪਹਿਨਣਾ ਆਦਿ ਸਿਹਤ ਸਲਾਹਕਾਰੀਆਂ ਦਾ ਪਾਲਣ ਕਰਨਾ ਜ਼ਰੂਰੀ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਦੇਸ਼ ਦੇ 74ਵੇਂ ਆਜ਼ਾਦੀ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਕੌਮੀ ਝੰਡਾ ਤਿਰੰਗਾ ਲਹਿਰਉਣ ਦੀ ਰਸਮ ਅਦਾ ਕੀਤੀ। ਕੋਵਿਡ ਮਹਾਂਮਾਰੀ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਮਾਗਮ ਸੰਖੇਪ ਅਤੇ ਸਾਦੇ ਢੰਗ ਨਾਲ ਮਨਾਇਆ ਗਿਆ।
ਇਸ ਮੌਕੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਜਿੱਥੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਉਥੇ ਹੀ ਵੱਖ-ਵੱਖ ਲਹਿਰਾਂ ਸਮੇਤ ਪੰਜਾਬ ਦੇ ਮਹਾਨ ਸਪੂਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਢੀਂਗਰਾ ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਤੇ ਹੋਰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਖ਼ਿਲਾਫ਼ ਚੁੱਕੇ ਗਏ ਅਹਿਮ ਕਦਮਾਂ ਤੋਂ ਜਾਣੂ ਕਰਵਾਉਂਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਨਾਲ ਨਜਿੱਠਣ ਲਈ ਲੋੜੀਂਦੇ ਪੂਰੇ ਇੰਤਜ਼ਾਮ ਕੀਤੇ ਹਨ ਜਿਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਪਰੰਤੂ ਸਰਕਾਰ ਤੇ ਮਾਹਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਪੂਰੀ ਤਰ੍ਹਾਂ ਕਰਨੀ ਲਾਜਮੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਕੋਵਿਡ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 20 ਹਜ਼ਾਰ ਕੀਤੀ ਜਾ ਰਹੀ ਹੈ ਉੱਥੇ ਹੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਪਹਿਲੇ ਪੜਾਅ ਦੌਰਾਨ 4,000 ਦੇ ਕਰੀਬ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਲਦੀ ਹੀ ਹਜ਼ਾਰਾਂ ਹੋਰ ਆਸਾਮੀਆਂ ਦੀ ਭਰਤੀ ਵੀ ਸ਼ੁਰੂ ਕੀਤੀ ਜਾਵੇਗੀ।
ਕੋਵਿਡ ਦੀ ਇਸ ਔਖੀ ਘੜੀ ਵਿੱਚ ਡੱਟ ਕੇ ਸੇਵਾਵਾਂ ਦੇਣ ਵਾਲੇ ਕੋਰੋਨਾ ਯੋਧਿਆਂ ਤੇ ਮਿਸ਼ਨ ਫ਼ਤਿਹ ਯੋਧਿਆਂ ਨੂੰ ਸਿਜਦਾ ਕਰਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਇਹਤਿਆਤ ਵਰਤਣ ਦੇ ਨਾਲ-ਨਾਲ ਕੋਰੋਨਾ ਦੇ ਲੱਛਣ ਆਉਣ 'ਤੇ ਅੱਗੇ ਵੱਧ ਕੇ ਆਪਣੇ ਟੈਸਟ ਵੀ ਕਰਵਾਏ ਜਾਣ।
ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬੀਆਂ ਨੂੰ ਭਰੋਸਾ ਦਿੱਤਾ ਹੈ ਕਿ ''ਹਰੇਕ ਪੰਜਾਬ ਵਾਸੀ ਦੀ ਜਾਨ ਬਚਾਉਣਾ ਉਨ੍ਹਾਂ ਦੀ ਸਰਕਾਰ ਦਾ ਪਹਿਲਾਂ ਫਰਜ਼ ਅਤੇ ਇਸ ਔਖੀ ਘੜੀ ਤੁਹਾਡੀ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ। ਅਸੀਂ ਸਾਰੇ ਮਿਲ ਕੇ ਕਰੋਨਾ ਖ਼ਿਲਾਫ਼ 'ਮਿਸ਼ਨ ਨੂੰ ਫਤਿਹ ਕਰਾਂਗੇ।''
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਕੋਰੋਨਾ ਮਹਾਂਮਾਰੀ ਨੇ ਸਾਡੇ ਸੂਬੇ, ਦੇਸ਼ ਸਮੇਤ ਪੂਰੀ ਦੁਨੀਆਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਪਰੰਤੂ ਪੰਜਾਬ ਵਿੱਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 70 ਫੀਸਦੀ ਹੈ ਜੋ ਕਿ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਹੈ ਪਰ ਸਾਨੂੰ ਇਸ ਲੜਾਈ ਵਿੱਚ ਹਾਲੇ ਹੋਰ ਬਹੁਤ ਕੁਝ ਕਰਨਾ ਹੈ, ਇਸ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ।
ਸਿਹਤ ਮੰਤਰੀ ਨੇ ਕਿਹਾ ਕਿ 'ਹਾਲਾਂਕਿ ਕਰੋਨਾ ਨੇ ਪੂਰੀ ਦੁਨੀਆਂ ਦੇ ਵਿਕਾਸ ਦੀ ਰਫ਼ਤਾਰ ਰੋਕ ਦਿੱਤੀ ਹੈ ਪਰ ਸਾਨੂੰ ਮਾਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਸਨਅਤ, ਨਾਗਰਿਕ ਸੇਵਾਵਾਂ ਅਤੇ ਵੀਆਈਪੀ ਕਲਚਰ ਖਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ।'
ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਵਰਤੀ ਜਾ ਰਹੀ ਸਖਤੀ ਬਾਰੇ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵੱਡੀ ਕਾਮਯਾਬੀ ਹੈ ਕਿ 5.68 ਲੱਖ ਨਸ਼ਾ-ਪੀੜ੍ਹਤਾਂ ਨੇ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਕਿਸਾਨਾਂ ਦੇ ਮਸੀਹਾ ਵੱਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੀ ਅਗਵਾਈ 'ਚ ਪਿਛਲੀਆਂ 7 ਫਸਲਾਂ ਜਿੱਥੇ ਹੱਥੋਂ-ਹੱਥ ਚੁਕਾਈਆਂ ਅਤੇ 48 ਘੰਟਿਆਂ ਅੰਦਰ ਫਸਲਾਂ ਦੀ ਅਦਾਇਗੀ ਕਰਵਾਈ ਉੱਥੇ ਹੀ 5 ਲੱਖ, 62 ਹਜ਼ਾਰ, 474, ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸੇ ਸਾਲ ਅਪ੍ਰੈਲ ਮਹੀਨੇ ਕਰੋਨਾ ਪੂਰੇ ਜ਼ੋਰ 'ਤੇ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ।
ਸਿਹਤ ਮੰਤਰੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਵਾਰਸਾਂ ਲਈ ਕੈਪਟਨ ਸਰਕਾਰ ਨੇ ਸੁਹਿਰਦ ਯਤਨ ਕੀਤੇ ਹਨ ਜਦੋਂਕਿ ਪਿਛਲੇ 42 ਸਾਲਾਂ ਤੋਂ ਲਮਕ ਰਹੀ ਮੰਗ 1962, 1965 ਅਤੇ 1971 ਦੀਆਂ ਜੰਗਾਂ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਲਈ ਮੁਆਵਜ਼ਾ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਕੇ ਆਪਣਾ ਚੋਣ ਵਾਅਦਾ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਘਰ-ਘਰ ਰੋਜ਼ਗਾਰ ਯੋਜਨਾ ਰਾਹੀਂ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਦੇ ਵਧੇਰੇ ਮੌਕੇ ਦਿੱਤੇ ਜਾ ਰਹੇ ਹਨ ਉੱਥੇ ਹੀ ਸਰਕਾਰੀ ਮੁਲਾਜ਼ਮਾਂ ਦੇ ਸੇਵਾਕਾਲ ਵਿਚ 2 ਸਾਲ ਦਾ ਵਾਧਾ ਖਤਮ ਕਰ ਦਿੱਤਾ ਗਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਮੁੰਡੇ-ਕੁੜੀਆਂ ਸਰਕਾਰੀ ਸੇਵਾ ਵਿਚ ਆ ਸਕਣ।
ਇਸ ਮੌਕੇ ਪਰੇਡ ਕਮਾਂਡਰ ਡੀ.ਐਸ.ਪੀ. ਸਿਟੀ-1 ਸ੍ਰੀ ਯੁਗੇਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਅਤੇ ਮਹਿਲਾ ਪੁਲਿਸ ਦੀਆਂ ਤਿੰਨ ਟੁਕੜੀਆਂ ਤੇ ਫਰਸਟ ਆਈ.ਆਰ.ਬੀ. ਪਟਿਆਲਾ ਦੇ ਬੈਂਡ ਨੇ ਪਰੇਡ 'ਚ ਹਿੱਸਾ ਲਿਆ ਅਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਨੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਸਨਮਾਨ ਚਿੰਨ ਭੇਟ ਕੀਤਾ।
ਇਸ ਸਮਾਗਮ ਦੌਰਾਨ ਵਿਧਾਇਕ ਸਮਾਣਾ ਸ. ਰਜਿੰਦਰ ਸਿੰਘ, ਸਨੌਰ ਦੇ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਪੰਜਾਬ ਸਟੇਟ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸੰਤ ਲਾਲ ਬਾਂਗਾ, ਖਾਦੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਅਨਿਲ ਮਹਿਤਾ, ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਸ੍ਰੀ ਸੋਨੂ ਸੰਗਰ, ਸ੍ਰੀ ਨਰੇਸ਼ ਦੁੱਗਲ, ਸ੍ਰੀ ਵਿਜੇ ਕੂਕਾ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ, ਸ੍ਰੀ ਸੰਦੀਪ ਮਲਹੋਤਰਾ, ਕੰਬੋਜ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਊਧਮ ਸਿੰਘ ਕੰਬੋਜ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪਟਿਆਲਾ ਦੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ, ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡਾ. ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਪੀਡੀਏ ਦੇ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਪਟਿਆਲਾ ਡਾਕ ਡਵੀਜਨ ਦੇ ਸੀਨੀਅਰ ਸੁਪਡੈਂਟ ਆਰਤੀ ਵਰਮਾ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਨਿਰਮਲ ਓਸੀਪਚਨ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ, ਐਸ.ਪੀ. ਪੀਬੀਆਈ ਡਾ. ਸਿਮਰਤ ਕੌਰ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਸ. ਪਲਵਿੰਦਰ ਸਿੰਘ ਚੀਮਾ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਸ੍ਰੀ ਅਵਿਕੇਸ਼ ਕੁਮਾਰ, ਸ. ਜਗਨੂਰ ਸਿੰਘ, ਮਿਸ ਜਸਲੀਨ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸਮੇਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਇਸੇ ਦੌਰਾਨ ਸਬ ਡਵੀਜਨ ਦੁਧਨ ਸਾਧਾਂ ਵਿਖੇ ਐਸ.ਡੀ.ਐਮ. ਸ. ਅਕੁੰਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਸਬ ਡਵੀਜ਼ਨ ਪਾਤੜਾਂ ਵਿਖੇ ਐਸ.ਡੀ.ਐਮ. ਡਾ. ਪਲਿਕਾ ਅਰੋੜਾ ਨੇ ਕੌਮੀ ਝੰਡਾ ਲਹਿਰਾਇਆ। ਜਦੋਂਕਿ ਸਬ ਡਵੀਜਨ ਨਾਭਾ ਵਿਖੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਬ ਡਵੀਜ਼ਨ ਸਮਾਣਾ ਵਿਖੇ ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਵਿਖੇ ਝੰਡਾ ਲਹਿਰਾਇਆ ਅਤੇ ਰਾਜਪੁਰਾ ਵਿਖੇ ਐਸ.ਡੀ.ਐਮ. ਰਾਜਪੁਰਾ ਸ. ਖੁਸ਼ਦਿਲ ਸਿੰਘ ਨੇ ਝੰਡਾ ਲਹਿਰਾਇਆ।