ਹਰੀਸ਼ ਕਾਲੜਾ
ਰੂਪਨਗਰ , 15 ਅਗਸਤ 2020 : ਦੇਸ਼ ਦੀ ਅਜ਼ਾਦੀ ਦੀ 74 ਵੇਂ ਅਜਾਦੀ ਦਿਵਸ ਦੇ ਮੌਕੇ ਤੇ ਡਾ. ਐਚ.ਐਨ.ਸ਼ਰਮਾ ਸਿਵਲ ਸਰਜਨ, ਰੂਪਨਗਰ ਵਲੋ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾਂ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਸਮੂਹ ਸਟਾਫ ਅਤੇ ਹਾਜਰ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਣਗਿਣਤ ਸ਼ਹੀਦੀਆਂ ਤੇ ਸਖਤ ਸੰਘਰਸ਼ ਤੋਂ ਬਾਅਦ ਮਿਲੀ ਅਜ਼ਾਦੀ ਦੇ 74 ਵੇਂ ਅਜਾਦੀ ਦਿਵਸ ਮੋਕੇ ਜਿੱਥੇ ਸਾਡਾ ਦੇਸ਼ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਉੱਥੇ ਦੂਜੇ ਪਾਸੇ ਕਈ ਨਵੀਆਂ ਰੁਕਾਵਟਾਂ ਤੇ ਸਮੱਸਿਆਵਾਂ ਵੀ ਸਾਡੀ ਤਰੱਕੀ ਦੇ ਰਾਹ ਵਿੱਚ ਰੋੜਾ ਬਣ ਰਹੀਆਂ ਹਨ। ਅੱਜ ਦੇ ਦਿਨ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਅਤੇ ਯੋਧਿਆਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹਾਂ ਜਿਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਤਨ, ਮਨ, ਧਨ ਸਭ ਕੁਝ ਕੁਰਬਾਨ ਕਰ ਦਿੱਤਾ। ਅਜਾਦੀ ਦੀ ਲੜਾਈ ਵਿੱਚ ਪੰਜਾਬ ਦੇ ਲੋਕਾਂ ਨੇ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ। ਸ਼ਹੀਦ ਭਗਤ ਸਿੰਘ, ਸ਼ਹੀਦ ਉੱਧਮ ਸਿੰਘ, ਲਾਲਾ ਲਾਜਪਤ ਰਾਏ ਵਰਗੇ ਸ਼ਹੀਦਾ ਦਾ ਯੋਗਦਾਨ ਨਾ ਭੁੱਲਣਯੋਗ ਹੈ, ਅਸੀਂ ਜਾਣਦੇ ਹਾਂ ਕਿ ਸਿਹਤਮੰਦ ਸਮਾਜ ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਧਾਰ ਹੁੰਦਾ ਹੈ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਸਭ ਨੂੰ ਪ੍ਰਮਾਤਮਾਂ ਨੇ ਇਹ ਅਹਿਮ ਜਿੰਮੇਵਾਰੀ ਦੇਣ ਦੇ ਲਾਇਕ ਸਮਝਿਆ ਤਾਂ ਜੋ ਅਸੀਂ ਮਨੁੱਖਤਾ ਦੀ ਸੇਵਾ ਅਤੇ ਦੇਸ਼ ਦੀ ਸੇਵਾ ਹਿੱਤ ਆਪਣਾ ਬਣਦਾ ਯੋਗਦਾਨ ਪਾ ਸਕੀਏ।ਕੋਰੋਨਾ ਵਰਗੀ ਮਹਾਂਮਾਰੀ ਖਿਲਾਫ ਮਿਸ਼ਨ ਫਤਿਹ ਅਧੀਨ ਸਾਰਾ ਸਿਹਤ ਵਿਭਾਗ ਬੜੀ ਮੁਸਤੈਦੀ ਨਾਲ ਮੂਹਰਲੀ ਕਤਾਰ ਵਿੱਚ ਖੜਾ ਹੋ ਕੇ ਜੰਗ ਲੜ ਰਿਹਾ ਹੈ ਅਤੇ ਸਿਹਤ ਵਿਭਾਗ ਦਾ ਹਰ ਕਰਮਚਾਰੀ/ ਅਧਿਕਾਰੀ ਆਪਣਾ ਫਰਜ ਪੂਰੀ ਤਨਦੇਹੀ ਨਾਲ ਅਦਾ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਅਜ਼ਾਦੀ ਦਾ ਆਨੰਦ ਮਾਣਦੇ ਹੋਏ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਾਸੀ ਹੋਣ ਨਾਤੇ ਸਾਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਪ੍ਰਤੀ ਬਣਦੇ ਫਰਜ ਵੀ ਜਿੰਮੇਵਾਰੀ ਨਾਲ ਨਿਭਾਉਣੇ ਚਾਹੀਦੇ ਹਨ। ਸਿਹਤ ਵਿਭਾਗ ਵਿੱਚ ਕੰਮ ਕਰਦੇ ਅਸੀਂ ਸਭ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਰੀਜਾਂ ਪ੍ਰਤੀ ਨਰਮੀ ਭਰਿਆ ਵਤੀਰਾ, ਉਨ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਵਕਤ ਦੇ ਪਾਬੰਦ ਰਹਿੰਦੇ ਨਿਭਾਉਣ ਲਈ ਵਚਨਬੱਧ ਹਾਂ।ਇਸ ਮੋਕੇ ਉਹਨਾਂ ਵੱਲੋਂ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਅਤੇ ਉਹਨਾਂ ਦੇ ਸਮੂਹ ਸਟਾਫ ਨੂੰ ਕੋਰੋਨਾਂ ਖਿਲਾਫ ਜੰਗ ਲਈ ਕੀਤੀ ਜਾ ਰਹੀ ਮਿਹਨਤ ਬਦਲੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਉਹਨਾਂ ਕਿਹਾ ਅੱਜ ਦੇ ਇਸ ਅਜ਼ਾਦੀ ਦਿਵਸ ਮੌਕੇ ਅਸੀਂ ਸਾਰੇ ਪ੍ਰਣ ਲਈਏ ਕਿ ਅਸੀਂ ਦੇਸ਼ ਪ੍ਰਤੀ ਬਣਦਾ ਆਪਣਾ ਹਰ ਫਰਜ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਦੇਸ਼ ਦੀ ਤਰੱਕੀ ਲਈ ਸੰਭਵ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ।