ਕਰੋਨਾਂ ਮਹਾਂਮਾਰੀ ਦੌਰਾਨ ਬੇਹਤਰੀਨ ਢੰਗ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤੇ ਜਾਣ ਦੀ ਕੀਤੀ ਸ਼ਲਾਘਾ
ਪੰਜਾਬ ਸਰਕਾਰ ਵੱਲੋਂ 4700 ਕਰੋੜ ਰੁਪਏ ਦੀ ਲਾਗਤ ਨਾਲ ਕਿਸਾਨੀ ਕਰਜ਼ੇ ਮੁਆਫ ਕੀਤੇ ਗਏ
ਹਰੀਸ਼ ਕਾਲੜਾ
ਰੂਪਨਗਰ, 15 ਅਗਸਤ 2020 : ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ 74ਵੇਂ ਅਜ਼ਾਦੀ ਦਿਵਸ ਸਬੰਧੀ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਂਮੀ ਤਿਰੰਗਾ ਲਹਿਰਾਇਆ। ਸ਼੍ਰੀਮਤੀ ਸੋਨਾਲੀ ਗਿਰੀ , ਡਿਪਟੀ ਕਮਿਸ਼ਨਰ ਰੂਪਨਗਰ ਅਤੇ ਡਾ. ਅਖਿਲ ਚੌਧਰੀ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮੌਜੂਦ ਸਨ।
ਕਰੋਨਾ ਮਹਾਂਮਾਰੀ ਦੇ ਚੱਲਦਿਆ ਸ਼ੋਸ਼ਲ ਡਿਸਟੈਂਸ ਮੈਨਟੇਂਨ ਕਰਦਿਆ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਇਸ ਜ਼ਿਲ੍ਹਾ ਪੱਧਰੀ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮੁਬਾਰਕਬਾਦ ਦਿੰਦੇ ਹੋਏ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸੱਤ ਸੰਮੁਦਰੋਂ ਪਾਰ ਅੰਗਰੇਜ਼ਾਂ ਨੇ ਭਾਰਤ ਤੇ ਆ ਕੇ ਰਾਜ ਕੀਤਾ। ਜੰਗੇ ਅਜ਼ਾਦੀ ਦੇ ਵਿੱਚ ਕਰਤਾਰ ਸਿੰਘ ਸਰਾਭਾ, ਮਹਾਤਮਾ ਗਾਂਧੀ , ਜਵਾਹਰ ਲਾਲ ਨਹਿਰੂ, ਸਰਦਾਰ ਵਲੱਵ ਭਾਈ ਪਟੇਲ , ਮੁਲਾਨਾ ਅਬਦੁੱਲ ਕਲਾਮ ਅਜ਼ਾਦ, ਡਾ. ਭੀਮ ਰਾਓ ਅੰਬੇਦਕਰ ਵਰਗੀਆਂ ਮਹਾਨ ਸ਼ਖਸ਼ੀਅਤਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਖਸ਼ੀਅਤਾਂ ਦੀ ਬਦੌਲਤ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਜਿੱਥੇ ਇਨ੍ਹਾਂ ਨੇ ਰਾਸ਼ਟਰ ਪੱਧਰ ਤੇ ਭਾਰਤ ਦੀ ਅਜ਼ਾਦੀ ਵਿੱਚ ਯੋਗਦਾਨ ਪਾਇਆ ਉੱਥੇ ਪੰਜਾਬ ਦੇ ਕਈ ਸੂਰਬੀਰਾਂ ਜਿਨ੍ਹਾਂ ਵਿੱਚ ਸਰਦਾਰ ਭਗਤ ਸਿੰਘ , ਰਾਜਗੁਰੂ, ਸੁਖਦੇਵ , ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਵਰਗੇ ਯੋਧਿਆਂ ਨੇ ਆਪਣੀਆਂ ਸ਼ਾਹਦਤਾਂ ਦੇ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਕਈ ਦੇਸ਼ ਭਗਤਾਂ ਨੇ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਵਿੱਚ ਆਪਣੀ ਜ਼ਿੰਦਗੀ ਦੇ ਵੱਡਾ ਹਿੱਸੇ ਬਤੀਤ ਕਰਕੇ ਦੇਸ਼ ਦੀ ਅਜ਼ਾਦੀ ਲਈ ਮਾਹੌਲ ਤਿਆਰ ਕੀਤਾ । ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦੇ ਨਵ ਨਿਰਮਾਣ ਵਿੱਚ ਵੀ ਸਭ ਤੋਂ ਪੰਜਾਬੀਆਂ ਨੇ ਆਪਣਾ ਹਿੱਸਾ ਪਾਇਆ।ਇਸ ਮੌਕੇ ਰਾਣਾ ਕੇ.ਪੀ. ਸਿੰਘ ਨੇ ਪੰਜਾਬ ਦੇ ਜੰਮਪਲ ਉਨ੍ਹਾਂ ਸਮੂਹ ਫਿਲਮੀ ਹਸਤੀਆਂ ਨੂੰ ਯਾਦ ਕੀਤਾ ਜਿਨ੍ਹਾਂ ਕੌਮੀ ਪੱਧਰ ਤੇ ਨਾਮਣਾ ਖੱਟ ਕੇ ਪੰਜਾਬ ਨੂੰ ਹਿੰਦੋਸਤਾਨ ਦੇ ਮੱਥੇ ਦਾ ਚੰਨ ਬਣਾਇਆ । ਉਨ੍ਹਾਂ ਨੇ ਖਾਸ ਤੌਰ ਤੇ ਫਿਲਮੀ ਕਲਾਕਾਰ ਧਰਮਿੰਦਰ , ਰਾਜ ਕਪੂਰ, ਦਾਰਾ ਸਿੰਘ ,ਰਾਜੇਸ਼ ਖੰਨਾ ,ਦੇਵ ਆਨੰਦ ਅਤੇ ਮਿਲਖਾ ਸਿੰਘ ਦਾ ਨਾਂ ਲਿਆ ਜਿਨ੍ਹਾਂ ਨੇ ਪੰਜਾਬ ਦੀ ਖੇਡਾਂ ਤੇ ਫਿਲਮੀ ਖੇਤਰ ਵਿੱਚ ਪਹਿਚਾਣ ਬਣਾਈ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਰੀ ਕ੍ਰਾਂਤੀ ਦੀ ਗੱਲ ਹੋਵੇ, ਸਰਹੱਦਾਂ ਦੀ ਰਾਖੀ ਹੋਵੇ, ਖੇਡਾਂ ਦੀ ਗੱਲ ਹੋਵੇ ਜਾਂ ਨਵੇ ਯੁਗ ਦੀ ਸ਼ੁਰੂਆਤ ਹੋਵੇ ਹਰ ਖੇਤਰ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਚੰਹੁਮੁਖੀ ਵਿਕਾਸ ਕਰਵਾਇਆ ਅਤੇ ਕਈ ਤਰ੍ਹਾਂ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਚਾਰ ਫਰੰਟਾਂ ਤੇ ਲੜਾਈ ਲੜ ਰਹੀ ਹੈ। ਪਹਿਲੀ ਲੜਾਈ ਕਰੋਨਾ ਦੇ ਖਿਲਾਫ ਲੜੀ ਜਾ ਰਹੀ ਹੈ ਜਿਸ ਤੇ ਸਾਰਿਆਂ ਦੇ ਸਹਿਯੋਗ ਸਦਕਾ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਦੂਜੀ ਲੜਾਈ ਨਸ਼ਿਆਂ ਦੇ ਖਿਲਾਫ , ਤੀਜੀ ਲੜਾਈ ਦੇਸ਼ ਵਿਰੋਧੀ ਅਨਸਰਾਂ ਦੇ ਖਿਲਾਫ ਅਤੇ ਚੌਥੀ ਲੜਾਈ ਪਾਕਿਸਤਾਨ ਦੇ ਖਿਲਾਫ ਹੈ ਜ਼ੋ ਕਿ ਕਾਫੀ ਲੰਮੇ ਅਰਸੇ ਤੋਂ ਭਾਰਤ ਨਾਲ ਪ੍ਰੋਕਸੀ ਵਾਰ ਲੜ ਰਿਹਾ ਹੈ ਅਤੇ ਦੇਸ਼ ਵਿਰੋਧੀ ਅਨਸਰ ਅਤੇ ਚਿੱਟਾ ਭਾਰਤ ਵਿੱਚ ਭੇਜ ਕੇ ਇੱਥੋਂ ਦੀ ਜਵਾਨੀ ਅਤੇ ਦੇਸ਼ ਦੀ ਅਖੰਡਤਾ ਲਈ ਚੁਨੌਤੀ ਖੜੀ ਕਰ ਰਿਹਾ ਹੈ।
ਸਪੀਕਰ ਰਾਣਾ ਕੇ.ਪੀ. ਸਿੰਘ ਜ਼ਿਲ੍ਹੇ ਵਿੱਚ ਵਿਕਾਸ ਕਾਰਜ਼ਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਸਾਡੇ ਕੈਬਿਨਟ ਸਹਿਯੋਗ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ 47 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਨੰਗਲ ਵਿਖੇ 125 ਕਰੋੜ ਰੁਪਏ ਦੀ ਲਾਗਤ ਦੇ ਨਾਲ ਫਲਾਈਓਵਰ , ਸ਼੍ਰੀ ਆਨੰਦਪੁਰ ਸਾਹਿਬ ਤੇ ਸੁੰਦਰਤਾ ਲਈ 30 ਕਰੋੜ , ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਰਿੰਗ ਰੋਡ, 7.65 ਕਰੋੜ ਦੀ ਲਾਗਤ ਨਾਲ ਕੀਰਤਪੁਰ ਵਿਖੇ ਬੱਸ ਸਟੈਂਡ ਤੋਂ ਸ਼੍ਰੀ ਚਰਨਕੰਵਲ ਸਾਹਿਬ ਗੁਰਦੁਆਰੇ ਤੱਕ ਸਟੀਲ ਦਾ ਪੁੱਲ ਦੇ ਨਿਰਮਾਣ ਦਾ ਕਾਰਜ, 65 ਕਰੋੜ ਰੁਪਏ ਵਿੱਚ ਚੰਗਰ ਦੇ ਇਲਾਕੇ ਵਿੱਚ ਲਿਫਟ ਇਰੀਗੇਸ਼ਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4700 ਕਰੋੜ ਰੁਪਏ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਗਏ ਹਨ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿਤੀਆਂ ਅਤੇ ਕਰੋਨਾ ਤੇ ਫਤਿਹ ਪਾਉਣ ਵਾਲੇ ਉਨ੍ਹਾਂ ਕਰੋਨਾ ਵਾਰੀਅਰਜ਼ ਜ਼ਿਨ੍ਹਾਂ ਨੇ ਆਪਣਾ ਪਲਾਜ਼ਮਾ ਦਾਨ ਕਰਨ ਦਾ ਪ੍ਰਣ ਲਿਆ ਹੈ ਦਾ ਵੀ ਸਨਮਾਨ ਇਸ ਮੌਕੇ ਕੀਤਾ ਗਿਆ । ਸਮਾਗਮ ਦੀ ਸਮਾਪਤੀ ਸ਼ਿਵਾਲਿਕ ਪਬਲਿਕ ਸਕੂਲ ਦੇ ਅਧਿਆਪਕਾਂ ਵੱਲੋਂ ਰਾਸ਼ਟਰ ਗੀਤ ਗਾਇਨ ਨਾਲ ਹੋਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪ ਸ਼ਿਖਾ , ਸ਼੍ਰੀ ਅਕੁਰ ਗੁਪਤਾ ਐਸ.ਪੀ., ਯੂਥ ਕਾਂਗਰਸ ਪ੍ਰਧਾਨ ਸ਼੍ਰੀ ਬਰਿੰਦਰ ਸਿੰਘ ਢਿਲੋਂ , ਸ਼੍ਰੀ ਸੁਰਿੰਦਰ ਸਿੰਘ ਹਰੀਪੁਰ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਸ਼੍ਰੀ ਗੁਰਵਿੰਦਰ ਸਿੰਘ ਜ਼ੌਹਲ ਐਸ.ਡੀ.ਐਮ. ਰੂਪਨਗਰ, ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) , ਸ਼੍ਰੀ ਸੁਖਵਿੰਦਰ ਸਿੰਘ ਵਿਸਕੀ ਚੈਅਰਮੇਨ ਨਗਰ ਸੁਧਾਰ ਟਰੱਸਟ, ਗੁਰਵਿੰਦਰਪਾਲ ਬਿੱਲਾ ਵਾਈਸ ਚੈਅਰਮੈਨ ਪੰਜਾਬ ਰਾਜ ਪੱਛੜੀ ਸ਼੍ਰੇਣੀਆ ਕਮੀਸ਼ਨ, ਪੋਮੀ ਸੋਨੀ, ਰਾਜ਼ੇਸ਼ਵਰ ਲਾਲੀ ਕਾਂਗਰਸੀ ਆਗੂ ਸਮੇਤ ਜਿਲ੍ਹੇ ਦੇ ਪਤਵੰਤੇ ਮੌਜੂਦ ਸਨ।