ਸਬੰਧਤ ਵਿਅਕਤੀ ਆਨਲਾਈਨ ਜਾਂ ਨੇੜਲੇ ਸੇਵਾ ਕੇਂਦਰਾਂ 'ਤੇ ਜਾ ਕੇ ਕਰ ਸਕਦੇ ਹਨ ਅਪਲਾਈ
ਐਸ.ਏ.ਐਸ ਨਗਰ, 17 ਅਗਸਤ 2020: ਪੰਜਾਬ ਰਾਜ ਦੇ ਵਸਨੀਕ ਦਿਵਿਆਂਗਜਨਾਂ ਨੂੰ ਵਿੱਲਖਣ ਪਹਿਚਾਣ ਦੇਣ ਲਈ ਅਤੇ ਆਨਲਾਈਨ ਦਿਵਿਆਂਗਤਾ ਦਾ ਸ਼ਨਾਖਤੀ ਕਾਰਡ ਪ੍ਰਦਾਨ ਕਰਨ ਲਈ " Unique Id for Persons with disabilities" ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਅਧੀਨ ਦਿਵਿਆਂਗਜਨਾਂ ਨੂੰ ਡਿਜੀਟਲ ਸਰਟੀਫਿਕੇਟ/ਕਾਰਡ ਜਾਰੀ ਕੀਤੇ ਜਾ ਰਹੇ ਹਨ। ਜਿਲ੍ਹਾ ਵਿੱਚ ਹੁਣ ਤੱਕ 7294 ਕਾਰਡ/ਸਰਟੀਫੀਕੇਟ ਦੀਆਂ ਅਰਜੀਆਂ ਆਈਆਂ ਹਨ, ਜਿਨਾਂ ਵਿੱਚੋਂ 2512 ਕਾਰਡ, ਸਰਟੀਫੀਕੇਟ ਜਾਰੀ ਹੋ ਚੁੱਕੇ ਹਨ ਅਤੇ ਬਾਕੀ ਪ੍ਰਕਿਰਿਆ ਅਧੀਨ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਡੀ ਸੀ ਨੇ ਦੱਸਿਆ ਕਿ ਐਸ.ਐਸ. ਨਗਰ ਨੇ ਹੁਣ ਤੱਕ ਵੱਡੀ ਗਿਣਤੀ ਵਿਚ ਦਿਵਿਆਂਗ ਵਿਅਕਤੀਆਂ ਰਜਿਸਟਰ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਗਿਰੀਸ਼ ਦਿਆਲਨ ਨੇ ਕਿਹਾ “ਅਸੀਂ ਅਗਲੇ ਤਿੰਨ ਮਹੀਨਿਆਂ ਵਿੱਚ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਾਜੈਕਟ ਅਧੀਨ ਲਿਆਉਣ ਦਾ ਟੀਚਾ ਮਿੱਥਿਆ ਹੈ।” ਉਨ੍ਹਾਂ ਦੱਸਿਆ ਇਸ ਪ੍ਰੋਜੈਕਟ ਅਧੀਨ ਕਾਰਡ ਬਣਾਉਣ ਲਈ www.swablambancard.gov.in ਪੋਰਟਲ ਬਣਾਇਆ ਗਿਆ ਹੈ । ਕੋਈ ਵੀ ਦਿਵਿਆਂਗ ਵਿਅਕਤੀ ਇਸ ਪੋਰਟਲ ਰਾਹੀਂ ਜਾਂ ਨਜ਼ਦੀਕੀ ਸੇਵਾ ਕੇਂਦਰ, ਸਿਹਤ ਕੇਂਦਰ, ਸਿਵਲ ਸਰਜਨ ਦਫਤਰ, ਜਿਲ੍ਹਾ ਸਮਾਜਿਕ ਸੁਰਖਿਆ ਅਫਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿੱਚ ਜਾ ਕੇ ਰਜਿਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਦਿਵਿਆਂਗ ਵਿਅਕਤੀਆਂ ਨੂੰ ਜਲਦ ਤੋਂ ਜਲਦ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਅਤੇ ਵਿੱਲਖਣ ਸ਼ਨਾਖਤੀ ਕਾਰਡ ਅਤੇ ਡਿਜੀਟਾਈਜ਼ ਸਰਟੀਫਿਕੇਟ ਬਣਵਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ (ਡੀਐਸਐਸਓ) ਹਰਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਰਾਇਟਸ ਆਫ਼ ਪਰਸਨਸ ਵਿਦ ਡਿਸਅਬਿਲਟੀ ਐਕਟ 2016 ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਤੋਂ ਇਲਾਵਾ ਕਾਰਡ ਧਾਰਕਾਂ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਵਿੱਚ ਅੱਧੇ ਕਿਰਾਏ ਸਹੂਲਤ ਦਿੱਤੀ ਜਾਂਦੀ ਹੈ, ਇਸ ਦੇ ਨਾਲ ਸਮਾਜਿਕ ਸੁਰਿਖਆ ਵਿਭਾਗ ਵੱਲੋਂ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ। ਸਮੇਂ-ਸਮੇਂ ਤੇ ਸਰਕਾਰ ਵੱਲੋਂ ਦਿਵਿਆਂਗਜਨਾਂ ਨੂੰ ਭਰਤੀ ਅਤੇ ਤਰੱਕੀਆਂ ਵਿੱਚ ਰਾਖਵਾਂਕਰਨ, ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੀ ਵਿਸ਼ੇਸ ਲੋਂੜਾਂ ਲਈ ਖਰੀਦੇ ਜਾਣ ਵਾਲੇ ਵਾਹਨਾਂ ਕੇ ਐਕਸਾਇਜ਼ ਡਿਊਟੀ ਅਤੇ ਰੋਡ ਟੈਕਸ ਵਿੱਚ ਰਿਆਇਤ ਦਿੱਤੀ ਜਾਂਦੀ ਹੈ, ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੇ ਨਿੱਜੀ ਵਾਹਨਾਂ ਤੇ ਟੋਲ ਟੈਕਸ ਦੀ ਮਾਫੀ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿਖਿਆ ਵਿਭਾਗ ਅਤੇ ਸਮਾਜਿਕ ਸੁਰਖਿਆ ਵਿਭਾਗ ਵੱਲੋਂ ਦਿਵਿਆਂਗ ਵਿਦਿਆਰਥੀਆਂ ਅਤੇ ਪੇਂਡੂ ਖੇਤਰਾਂ ਦੀ ਦਿਵਿਆਂਗ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਨੂੰ ਸਹਾਇਤਾ ਉਪਕਰਨ ਅਤੇ ਨਕਲੀ ਅੰਗ ਮੁਹਈਆ ਕਰਨ ਵਿੱਚ ਵੀ ਇਹ ਵਿੱਲਖਣ ਸ਼ਨਾਖਤੀ ਪੱਤਰ ਅਤੇ ਸਰਟੀਫੀਕੇਟ ਸਹਾਈ ਸਿੱਧ ਹੋਣਗੇ।