ਹਰ ਸ਼ੁਕਰਵਾਰ ਨੂੰ ਡ੍ਰਾਈਡੇ ਰੱਖਣ ਲਈ ਲੋਕਾਂ ਨੂੰ ਕੀਤਾ ਜਾਗਰੂਕ
ਡੇਰਾਬਸੀ, 17 ਅਗਸਤ 2020: ਡਾ ਮਨਜੀਤ ਸਿੰਘ ਸਿਵਲ ਸਰਜਨ ਜਿ਼ਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਬਲਾਕ ਡੇਰਾਬੱਸੀ ਅਧੀਨ ਪੈਂਦੇ ਪਿੰਡ ਜਿਨਾਂ ਦਾ ਮਲੇਰੀਆ ਪਾਜਿਟਿਵ ਏ.ਪੀ.ਆਈ. (Annual parasite incidence)1 ਤੋਂ ਵੱਧ ਹੈ ਉਨਾਂ ਪਿੰਡਾਂ ਵਿੱਚ ਘਰ ਘਰ ਜਾ ਕੇ ਐਲ.ਐਲ.ਆਈ.ਐਨ. ਮੱਛਰਦਾਨੀਆਂ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਨੇ ਅੱਜ ਪਿੰਡ ਡੇਰਾ ਜਗਾਧਰੀ ਵਿਖੇ ਸਥਾਨਕ ਵਾਸੀਆਂ ਨੂੰ ਮੱਛਰਦਾਨੀਆਂ ਵੰਡ ਕੇ ਕੀਤੀ । ਇਸ ਮੌਕੇ ਉਨਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਓ ਲਈ ਹੋਰ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਸਾਨੂੰ ਮੱਛਰਦਾਨੀਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਰਵਾਇਤੀ ਮੱਛਰਦਾਨੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ ਕੀਟਨਾਸ਼ਕ ਟ੍ਰੀਟਡ ਮੱਛਰਦਾਨੀ (ਆਈ.ਟੀ.ਐਨ.) ਅਤੇ ਲੌਂਗ ਲਾਸਟਿੰਗ ਇਨਸੈਕਟੀਸਾਈਡ ਮੱਛਰਦਾਨੀ (ਐਲ.ਐਲ.ਆਈ.ਐਨ.)। ਆਈ.ਟੀ.ਐਨ. ਨਾਈਲੋਨ ਅਧਾਰਿਤ ਜਾਲੀ ਹੈ ਜਿਨਾਂ ਦਾ ਕੀਟਨਾਸ਼ਕਾਂ ਨਾਲ ਹੱਥੀਂ ਟ੍ਰੀਟਮੈਂਟ ਕੀਤਾ ਜਾਂਦਾ ਹੈ ਜਦਕਿ ਐਲ.ਐਲ.ਆਈ.ਐਨ. ਵਿੱਚ ਕੀਟਨਾਸ਼ਕ ਨਿਰਮਾਣ ਸਮੇਂ ਸ਼ਾਮਿਲ ਕੀਤਾ ਜਾਂਦਾ ਹੈ। ਇਸ ਲਈ ਹੁਣ ਤੱਕ ਦੇ ਤਜ਼ਰਬਿਆਂ ਮੁਤਾਬਿਕ ਇਨਾਂ ਮੱਛਰਦਾਨੀਆਂ ਹੇਠਾਂ ਸੋਣ, ਮਲੇਰੀਆ ਦੀ ਰੋਕਥਾਮ ਲਈ ਇੱਕ ਪ੍ਰਭਾਵਸ਼ਾਲੀ ਉਪਰਾਲੇ ਵੱਜੋਂ ਸਾਬਿਤ ਹੋਇਆ ਹੈ । ਮੱਛਰਦਾਨੀਆਂ ਰੁਕਾਵਟ ਵੱਜੋਂ ਕੰਮ ਕਰਦੀਆਂ ਹਨ ਅਤੇ ਮੱਛਰਾਂ ਤੇ ਵਿਅਕਤੀ ਦਰਮਿਆਨ ਸੰਪਰਕ ਦੇ ਜੋਖਮ ਨੂੰ ਦੂਰ ਕਰਦੀਆਂ ਹਨ। ਇਸ ਨਾਲ ਮਲੇਰੀਆ ਫੈਲਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਉਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਹ ਬੁਖ਼ਾਰ ਮਾਦਾ ਐਨਾਫਲਾਈਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਤੇ ਇਹ ਰਾਤ ਤੇ ਦਿਨ ਵੇਲੇ ਕੱਟਦੇ ਹਨ। ਇਸ ਦੀਆਂ ਨਿਸ਼ਾਨੀਆ: ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ। ਇਸ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਇਆ ਜਾਵੇ, ਇਸ ਦਿਨ ਕੂਲਰਾਂ ਦਾ ਪਾਣੀ ਪੂਰੀ ਤਰਾ੍ਹ ਕੱਢ ਕੇ, ਸਾਫ ਕਰਕੇ ਫਿਰ ਪਾਣੀ ਭਰਿਆ ਜਾਵੇ ਅਤੇ ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਇੱਕਠਾ/ਖੜਾ੍ਹ ਨਾ ਹੋਣ ਦਿੱਤਾ ਜਾਵੇ।ਛੱਤਾਂ ਤੇ ਲੱਗੀਆਂ ਪਾਣੀ ਦੀ ਟੈਂਕੀਆਂ ਦੇ ਢੱਕਣ ਚੰਗੀ ਤਰਾਂ੍ਹ ਨਾਲ ਲੱਗੇ ਹੋਣ।ਘਰਾਂ, ਦਫ਼ਤਰਾ ਦੇ ਆਲੇ-ਦੁਆਲੇ ਤੇ ਛੱਤਾਂ ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।ਮੱਛਰਾਂ ਤੋਂ ਬਚਣ ਲਈ ਪੂਰੀ ਬਾਹਵਾਂ ਦੇ ਕੱਪੜਿਆ ਦਾ ਪ੍ਰਯੋਗ ਕੀਤਾ ਜਾਵੇ।ਲੋਕਾਂ ਵੱਲੋਂ ਘਰਾਂ ਵਿੱਚ ਮੱਛਰਾਂ ਤੋਂ ਬਚਣ ਲਈ ਆਲ-ਆਊਟ, ਮੋਰਟੀਨ, ਅੋਡੋਮੋਸ ਅਤੇ ਹਿੱਟ ਆਦਿ ਦਾ ਪ੍ਰਯੋਗ ਕੀਤਾ ਜਾਵੇ।ਜਾਲੀਦਾਰ ਦਰਵਾਜ਼ੇ ਬੰਦ ਰੱਖੇ ਜਾਣ।ਇਸ ਬਿਮਾਰੀ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ।ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਸਿੰਘ ਐਸ.ਐਮ.ਆਈ. , ਸਿ਼ਵ ਕੁਮਾਰ ਐਸ.ਆਈ., ਸਰਬਜੀਤ ਸਿੰਘ, ਰਜਨੀਬਾਲਾ, ਪਰਮਜੀਤ ਕੌਰ ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰ ਮਨਪ੍ਰੀਤ ਕੌਰ ਹਾਜ਼ਰ ਸਨ ।