ਡਿਪਟੀ ਸਪੀਕਰ ਵਿਧਾਨ ਸਭਾ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸੂਚੀ ਤਿਆਰ ਕਰਨ ਲੱਗਿਆ ਪ੍ਰਸਾਸ਼ਨ
ਸ.ਭੱਟੀ ਦੇ ਸੰਪਰਕ 'ਚ ਆਏ ਲੋਕ ਘਰਾਂ 'ਚ ਇਕਾਂਤਵਾਸ ਰਹਿਣ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 17 ਅਗਸਤ 2020: ਕੋਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ ਅਤੇ ਲਾਗ ਨਾਲ ਅੱਗੇ ਫੈਲਦੀ ਹੈ ਜਿਸ ਕਰਕੇ ਇਸ ਕੋਵਿਡ-19 ਦੀ ਚੇਨ ਤੋੜਨ ਲਈ ਲੋਕਾਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਫਰੀਦਕੋਟ ਆਜ਼ਾਦੀ ਦਿਹਾੜੇ ਮੌਕੇ ਨਹਿਰੂ ਸਟੇਡੀਅਮ ਵਿਖੇ ਆਯੋਜਿਤ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ.ਅਜੈਬ ਸਿੰਘ ਭੱਟੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੇ ਸਿਹਤ ਵਿਭਾਗ ਦੀ ਜਿੰਮੇਵਾਰੀ ਵੱਧਦੀ ਨਜ਼ਰ ਆ ਰਹੀ ਹੈ।ਸਿਹਤ ਵਿਭਾਗ ਦੇ ਜ਼ਿਲਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ, ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਸ.ਭੱਟੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਪਿੱਛੋਂ ਅਜ਼ਾਦੀ ਦਿਵਸ ਸਮਾਗਮ ਵਿੱਚ ਡਿਪਟੀ ਸਪੀਕਰ ਸ.ਭੱਟੀ ਦੇ ਨਜ਼ਦੀਕ ਜਾਣ ਜਾਂ ਸੰਪਰਕ 'ਚ ਰਹੇ ਮਹਿਮਾਨਾਂ, ਅਧਿਕਾਰੀਆਂ-ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਨੂੰ ਚੌਕਸ ਕੀਤਾ ਜਾ ਰਿਹਾ ਹੈ ।ਉਨ੍ਹਾਂ ਡਿਪਟੀ ਸਪੀਕਰ ਕੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਘਰ ਇਕਾਂਤਵਾਸ ਵਿੱਚ ਰਹਿਣ ਦੀ ਅਪੀਲ ਕੀਤੀ ਅਤੇ ਸ਼ੱਕ ਦੂਰ ਕਰਨ ਲਈ ਨੇੜੇ ਦੇ ਸਥਾਪਿਤ ਕੀਤੇ ਫਲੂ ਕਾਰਨਰ ਤੇ ਕੋਰੋਨਾ ਸੈਂਪਲ ਦੇਣ ਦੀ ਸਲਾਹ ਵੀ ਦਿੱਤੀ।ਉਨਾਂ ਦੱਸਿਆ ਕਿ ਇਸ ਸਬੰਧੀ ਵਿਅਕਤੀਆਂ ਦੀ ਵਿਸ਼ੇਸ਼ ਸੂਚੀ ਬਨਾਉਣ ਹਿੱਤ ਜ਼ਿਲਾ ਪ੍ਰਸਾਸ਼ਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ.ਭੱਟੀ ਦੇ ਸੰਪਰਕ ਵਿੱਚ ਆਏ ਵਿਅਕਤੀ ਕਿਸੇ ਹੋਰ ਸਮਾਗਮ ਜਾਂ ਭੀੜ ਵਾਲੇ ਇਲਾਕੇ ਵਿੱਚ ਸਰਗਰਮ ਨਾ ਹੋਣ ਤੇ ਘਰ ਇਕਾਂਤਵਾਸ ਵਿੱਚ ਹੀ ਰਹਿਣ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਜਾਂ ਟੋਲ ਫ੍ਰੀ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ।