ਮਿਸ਼ਨ ਫ਼ਤਿਹ ਤਹਿਤ ਕੋਵਿਡ ਵਿਰੁੱਧ ਜੰਗ ਲੜ ਰਹੇ ਪਟਿਆਲਾ ਪੁਲਿਸ ਦੇ ਕੋਵਿਡ ਪਜ਼ਿਟਿਵ 129 ਮੁਲਾਜਮਾਂ 'ਚੋਂ 36 ਸਿਹਤਯਾਬ ਹੋਏ
ਐਸ.ਪੀ ਸਿਟੀ ਸ਼ਰਮਾ ਤੇ ਐਸ.ਪੀ. ਸਥਾਨਕ ਬੈਂਸ ਵੱਲੋਂ ਕਿਟਾਂ ਜਾਰੀ
ਪਟਿਆਲਾ, 17 ਅਗਸਤ 2020: ਕੋਰੋਨਾ ਮਹਾਂਮਾਰੀ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਯੋਧੇ ਬਣਕੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ 'ਚ ਜੰਗ ਲੜ ਰਹੇ ਪੰਜਾਬ ਪੁਲਿਸ ਦੇ ਮੁਲਾਜਮਾਂ ਦੀਆਂ ਰਿਪੋਰਟਾਂ ਵੀ ਜਦੋਂ ਕੋਰੋਨਾ ਪਾਜ਼ਿਟਿਵ ਆ ਰਹੀਆਂ ਹਨ ਤਾਂ ਅਜਿਹੇ 'ਚ ਪਟਿਆਲਾ ਪੁਲਿਸ ਦੇ ਵੀ 129 ਅਧਿਕਾਰੀ ਅਤੇ ਕਰਮਚਾਰੀ ਕੋਵਿਡ-19 ਪਾਜ਼ਿਟਿਵ ਆਏ ਸਨ। ਇਨ੍ਹਾਂ 'ਚ ਖ਼ੁਦ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਸਮੇਤ ਪੰਜਾਬ ਪੁਲਿਸ ਅਤੇ ਹੋਮ ਗਾਰਡ ਦੇ ਕਰਮਚਾਰੀਆਂ/ਅਧਿਕਾਰੀਆਂ ਸਮੇਤ 129 ਪਾਜ਼ਿਟਿਵ ਮਾਮਲੇ ਸ਼ਾਮਲ ਹਨ, ਜਿਨ੍ਹਾਂ 'ਚੋਂ 93 ਸ੍ਰਕ੍ਰਿਆ ਹਨ ਜਦੋਂਕਿ ਇਨ੍ਹਾਂ ਵਿੱਚੋਂ 36 ਸਿਹਤਯਾਬ ਵੀ ਹੋਏ ਹਨ ਅਤੇ ਬਾਕੀ ਆਪਣੇ ਉਚੇ ਮਨੋਬਲ ਕਰਕੇ ਸਿਹਤਯਾਬੀ ਵੱਲ ਵਧ ਰਹੇ ਹਨ।
ਪਟਿਆਲਾ ਪੁਲਿਸ ਨੇ ਆਪਣੇ ਘਰਾਂ 'ਚ ਇਕਾਂਤਵਾਸ ਪੁਲਿਸ ਮੁਲਾਜਮਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਇਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪੁਲਿਸ ਲਾਇਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖ਼ਾਨ ਦੀ ਸਲਾਹ ਨਾਲ ਇੱਕ ਨਿਵੇਕਲਾ ਉਪਰਾਲਾ ਕਰਕੇ ਮੈਡੀਕਲ ਕਿਟਾਂ ਤਿਆਰ ਕੀਤੀਆਂ ਹਨ, ਜੋ ਕਿ ਆਪਣੇ ਘਰਾਂ 'ਚ ਇਕਾਂਤਵਾਸ ਪੁਲਿਸ ਮੁਲਾਜਮਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਪਟਿਆਲਾ ਦੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ ਅਤੇ ਡਾ. ਸਜੀਲਾ ਖ਼ਾਨ ਨੇ ਪੁਲਿਸ ਮੁਲਾਜਮਾਂ ਲਈ ਅੱਜ ਇਹ ਕਿਟਾਂ ਜਾਰੀ ਕੀਤੀਆਂ।
ਸ੍ਰੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਹ ਕਿਟਾਂ ਕੋਵਿਡ ਪਾਜਿਟਿਵ ਮੁਲਾਜਮਾਂ ਲਈ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਬਲਕਿ ਇਹ ਤਾਂ ਉਨ੍ਹਾਂ ਦੇ ਬਚਾਅ ਲਈ ਪਟਿਆਲਾ ਪੁਲਿਸ ਵੱਲੋਂ ਪ੍ਰਦਾਨ ਕੀਤੀ ਗਈ ਇੱਕ ਸਹਾਇਤਾ ਦਾ ਸਾਧਨ ਹਨ ਜਦੋਂਕਿ ਉਹ ਸਾਰੇ ਸਿਹਤ ਮਾਹਰਾਂ ਦੀ ਸਲਾਹ ਮੁਤਾਬਕ ਆਪਣਾ ਇਲਾਜ ਵੱਖਰੇ ਤੌਰ 'ਤੇ ਕਰਵਾ ਰਹੇ ਹਨ।
ਐਸ.ਪੀ. ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕਿਟਾਂ 'ਚ ਕੋਵਿਡ ਪਾਜਿਟਿਵ ਮੁਲਾਜਮਾਂ ਦੇ ਸਰੀਰ ਦਾ ਤਾਪਮਾਨ ਤੇ ਨਬਜ ਦੀ ਪੜਤਾਲ ਕਰਨ ਵਾਲੀ ਮਸ਼ੀਨਾਂ ਸਮੇਤ ਵਿਟਾਮਿਨ ਡੀ ਤੇ ਸੀ ਅਤੇ ਓਮਪ੍ਰਾਜੋਲ, ਡੋਲੋ-60 ਗੋਲੀਆਂ, ਬੀਕੋਜਾਇਮ ਸੀ ਫੋਰਟ ਤੇ ਸਿਟਰਾਜੀਨ ਗੋਲੀਆਂ ਸਮੇਤ ਹਰਬਲ ਮੈਡੀਸਿਨ ਕਾਹੜਾ ਵੀ ਸ਼ਾਮਲ ਹੈ। ਇਸ ਤੋਂ ਬਿਨ੍ਹਾਂ ਫੇਸ ਮਾਸਕ ਅਤੇ ਸੈਨੇਟਾਈਰਜ਼ ਵੀ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦੇ ਜਵਾਨਾਂ ਦਾ ਮਨੋਬਲ ਬਹੁਤ ਉਚਾ ਹੈ ਅਤੇ ਉਹ ਮੂਹਰਲੀ ਕਤਾਰ ਤੇ ਮਿਸ਼ਨ ਫ਼ਤਿਹ ਅਤੇ ਕੋਰੋਨਾ ਯੋਧਿਆਂ ਵਜੋਂ ਜੰਗ ਲੜਕੇ ਇਸ ਨੂੰ ਜਿਤਣ 'ਚ ਆਪਣਾ ਯੋਗਦਾਨ ਪਾਉਣਗੇ।