← ਪਿਛੇ ਪਰਤੋ
ਹਰੀਸ਼ ਕਾਲੜਾ ਸ਼੍ਰੀ ਚਮਕੌਰ ਸਾਹਿਬ, 17 ਅਗਸਤ 2020 : ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਨਜਾਇਜ ਕਬਜੇ ਛੁਡਵਾਉਣ ਲਈ ਆਰੰਭੀ ਗਈ ਮੁਹਿੰਮ ਦੇ ਤਹਿਤ ਪੰਚਾਇਤ ਵਿਭਾਗ ਵੱਲੋਂ ਪਿੰਡ ਰੁਕਾਲੀ ਮਾਨਗੜ ਵਿੱਚ 24 ਏਕੜ ਵਾਹੀਯੋਗ ਜਮੀਨ ਤੋਂ ਨਜ਼ਾਇਜ਼ ਕਬਜਾ ਛੁਡਵਾ ਕੇ ਸ਼ਾਮਲਾਤ ਜਮੀਨ ਨੂੰ ਚਕੌਤੇ 'ਤੇ ਦੇ ਕੇ ਪੰਚਾਇਤ ਦੀ ਆਮਦਨ ਵਿੱਚ ਚੌਖਾ ਵਾਧਾ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਪ੍ਰਨੀਤ ਕੌਰ ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਪਹਿਲਾਂ ਜੰਗਲਾਤ ਵਿਭਾਗ ਨੇ ਇਸ ਇਲਾਕੇ ਵਿੱਚ ਸੈਂਕੜੇ ਏਕੜ ਨਜਾਇਜ ਕਬਜੇ ਛੁਡਵਾ ਕੇ ਜੰਗਲਾਂ ਅਧੀਨ ਰਕਬਾ ਵਧਾਇਆ ਸੀ ਤੇ ਹੁਣ ਪੰਚਾਇਤ ਵਿਭਾਗ ਵੱਲੋਂ ਪਿੰਡ ਰੁਕਾਲੀ ਮਾਨਗੜ ਵਿੱਚ 24 ਏਕੜ ਵਾਹੀਯੋਗ ਜਮੀਨ ਤੋਂ ਨਜਾਇਜ਼ ਕਬਜ਼ਾ ਉਨ੍ਹਾਂ ਦੀ ਅਗਵਾਈ ਵਿੱਚ ਪ੍ਰਸ਼ਾਸ਼ਨ ਦੀ ਇੱਕ ਵਿਸ਼ੇਸ਼ ਟੀਮ ਨੇ ਕਾਰਵਾਈ ਕਰਕੇ ਛੁਡਾਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਹਰਦਿਆਲ ਸਿੰਘ ਚੱਠਾ ਮੈਜਿਸਟ੍ਰੇਟ ਪੰਚਾਇਤੀ ਜਮੀਨ, ਜਿਲ੍ਹਾ ਰੂਪਨਗਰ ਦੇ ਹੁਕਮਾਂ ਅਨੁਸਾਰ 28 ਜੁਲਾਈ 2020 ਨੂੰ ਸ਼ਾਮਲਾਤ ਜਮੀਨ ਖਾਲੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਜਮੀਨ 'ਤੇ ਲੰਮੇ ਸਮੇਂ ਤੋਂ ਪਿੰਡ ਰੁਕਾਲੀ ਮਾਨਗੜ ਅਤੇ ਨਜ਼ਦੀਕੀ ਪਿੰਡ ਮਹਿਤੋਤ ਦੇ ਵਿਅਕਤੀਆਂ ਵੱਲੋਂ ਜਮੀਨ 'ਤੇ ਨਜਾਇਜ ਕਬਜਾ ਕੀਤਾ ਹੋਇਆ ਸੀ। ਸ਼੍ਰੀਮਤੀ ਪ੍ਰਨੀਤ ਕੌਰ ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਇਹ ਜਮੀਨ ਛੁਡਵਾਕੇ ਹੁਕਮਾਂ ਅਨੁਸਾਰ ਨਿਸ਼ਾਨਦੇਹੀ ਕਰਕੇ ਪੱਕੀਆਂ ਬੁਰਜੀਆਂ ਲਗਾ ਦਿੱਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਤੋਂ ਨਜਾਇਜ ਕਬਜਾ ਛੁਡਵਾਉਣਾ ਸੁਖਾਲਾ ਨਹੀ ਸੀ ਕਿਉਂਕਿ ਨਿਸ਼ਾਨਦੇਹੀ ਉਪਰੰਤ ਕੁੱਝ ਨਜਾਇਜ ਕਾਬਜਕਾਰਾਂ ਨੇ ਸਿਵਲ ਅਦਾਲਤ ਰੂਪਨਗਰ ਵਿਖੇ ਝੂਠਾ ਕੇਸ ਲਗਾ ਕੇ ਸਟੇਅ ਪ੍ਰਾਪਤ ਕਰ ਲਈ ਸੀ। ਗਰਾਮ ਪੰਚਾਇਤ ਰੁਕਾਲੀ ਮਾਨਗੜ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਾਨੂੰਨ ਦੇ ਮੁਤਾਬਿਕ ਕੇਸ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਪੈਰਵਾਈ ਕੀਤੀ ਅਤੇ ਕੇਸ ਦੀ ਸਟੇਅ ਹਟਵਾ ਕੇ ਸ਼ਾਮਲਾਤ ਜਮੀਨ ਦੇ ਨੰਬਰਾਂ ਨੂੰ ਕੇਸ ਵਿੱਚੋਂ ਕਢਵਾਇਆ।
Total Responses : 265