ਲੋਕ ਬਗੈਰ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਤੇ ਇੱਕ ਦੂਸਰੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ
ਹਰੀਸ਼ ਕਾਲੜਾ
ਰੂਪਨਗਰ , 17 ਅਗਸਤ 2020 - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਵਿਰੁੱਧ ਚਲਾਏ ਗਏ ਮਿਸ਼ਨ ਫਤਿਹ ਤਹਿਤ ਸਕੂਲ ਸਿੱਖਿਆ ਵਿਭਾਗ ਰੂਪਨਗਰ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਬਚਾਅ ਅਤੇ ਲੱਛਣਾਂ ਬਾਰੇ ਜਾਗਰੂਕ ਕੀਤਾ ਗਿਆ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਰਾਜ ਕੁਮਾਰ ਖੋਸਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤੀਸਰੇ ਗੇੜ ਦੌਰਾਨ ਸਿੱਖਿਆ ਵਿਭਾਗ ਰੂਪਨਗਰ ਵੱਲੋਂ ਸਰਕਾਰੀ ਮਿਡਲ, ਹਾਈ, ਸੀਨੀ.ਸਕੈ. ਮਾਨਤਾ ਪ੍ਰਾਪਤ ਸਕੂਲਾਂ ਦੇ ਸਾਂਝੇ ਉਪਰਾਲੇ ਸਦਕਾ ਵਿਸ਼ੇਸ਼ ਟੀਮਾਂ ਦੇ ਮਾਧਿਅਮ ਰਾਹੀ ਘਰ-ਘਰ ਤੱਕ ਪਹੁੰਚ ਕਰਦੇ ਹੋਏ ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਰੂਪਨਗਰ ਦੀਆਂ ਟੀਮਾਂ ਵੱਲੋਂ ਆਪਣੇ ਆਪਣੇ ਬਲਾਕ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਹੱਥ ਸਾਬਣ ਨਾਲ 20 ਸੈਕਿੰਡ ਤੱਕ ਧੋਣ, ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਣ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ, ਬਗੈਰ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ, ਜਦੋਂ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਆਉਣਾ ਤਾਂ ਕੱਪੜਿਆ ਨੂੰ ਬਦਲਣ ਅਤੇ ਫਿਰ ਨਹਾਉਣ ਤੋਂ ਬਾਅਦ ਆਪਣੇ ਪਰਵਾਰ ਵਿਚ ਸ਼ਾਮਿਲ ਹੋਣ, ਵਿਆਹ/ਭੀੜ ਵਾਲੇ ਇਲਾਕੇ ਵਿੱਚ ਜਾਣ ਤੋਂ ਗੁਰੇਜ ਕਰਨ, ਹੱਥ ਨਹੀਂ ਮਿਲਾਉਣ, ਘਰ ਵਿੱਚ ਕਿਸੇ ਦਾ ਤੋਲਿਆ ਜਾਂ ਕੱਪੜਾ ਨਹੀਂ ਵਰਤਣ ਆਦਿ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਜੇਕਰ ਅਸੀਂ ਕਰੋਨਾ ਤੋਂ ਨਿਜ਼ਾਤ ਪਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।