ਮਨਿੰਦਰਜੀਤ ਸਿੱਧੂ
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ- ਪ੍ਰਦੀਪ ਸਿੰਗਲਾ
ਜੈਤੋ, 17 ਅਗਸਤ 2020 : ਪੰਜਾਬ ਦੀ ਕਾਂਗਰਸ ਸਰਕਾਰ ਖਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਦੀਆਂ ਸਮੱਅਿਾਵਾਂ ਪ੍ਰਤੀ ਬੜਾ ਹੀ ਸੰਵੇਦਨਹੀਨ ਰੁੱਖ ਅਖਤਿਆਰ ਕਰ ਚੁੱਕੇ ਹਨ। ਕੈਪਟਨ ਸਾਹਿਬ ਦੇ ਰਾਜ ਵਿੱਚ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਭਾਜਪਾ ਲਘੂ ਉਦਯੋਗ ਮੋਰਚਾ ਦੇ ਸਾਬਕਾ ਪ੍ਰਧਾਨ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸਾਬਕਾ ਡਾਇਰੈਕਟਰ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਮੀਤ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕੀਤਾ। ਉਹਨਾਂ ਨੇ ਕੈਪਟਨ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੌਣਾਂ ਦੌਰਾਨ ਹੱਥ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ੍ਹ ਕੇ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਪੰਜਾਬ ਵਿੱਚੋਂ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਕੈਪਟਨ ਦੇ ਰਾਜ਼ ਵਿੱਚ ਇਸੇ ਦੇ ਹੀ ਕਾਂਗਰਸੀ ਲੀਡਰਾਂ ਦੀ ਪੁਸ਼ਤ ਪਨਾਹੀ ਹੇਠ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਜਿਸ ਨੇ ਪੰਜਾਬ ਦੀਆਂ ਸੈਂਕੜੇ ਮਾਂਵਾਂ ਦੇ ਪੁੱਤਰ ਅਤੇ ਔਰਤਾਂ ਦੇ ਸੁਹਾਗ ਖੋਹ ਲਏ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦਾ ਆਬਕਾਰੀ ਵਿਭਾਗ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਸੋ ਸਿੱਧੇ ਤੌਰ ਤੇ ਪੰਜਾਬ ਵਿੱਚ ਹੋਈਆਂ ਇਹਨਾਂ ਮੌਤਾਂ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ, ਉਥੇ ਕੈਪਟਨ ਸਾਹਿਬ ਦਾ ਪੰਜਾਬ ਦੇ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਦਾ ਵਾਅਦਾ ਵੀ ਸਿਰੇ ਨਹੀਂ ਚੜ੍ਹਿਆ। ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੈਂਕਾਂ ਅਤੇ ਆੜ੍ਹਤੀਆਂ ਦੇ ਮਿਲਾ ਕੇ 90000 ਹਜਾਰ ਕਰੋੜ ਰੁਪਏ ਕਿਸਾਨਾਂ ਦੇ ਸਿਰ ਕਰਜ਼ਾ ਬੋਲਦਾ ਹੈ। ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਰੱਤੀ ਭਰ ਵੀ ਪੂਰਾ ਨਹੀਂ ਕਰ ਪਾਏ। ਕੇਬਲ ਟੀ.ਵੀ., ਟਰਾਂਸਪੋਰਟ, ਨਜ਼ਾਇਜ ਮਾਇਨਿੰਗ ਅਤੇ ਸ਼ਰਾਬ ਮਾਫ਼ੀਏ ਨੂੰ ਖਤਮ ਕਰਨ ਵਿੱਚ ਕੈਪਟਨ ਸਰਕਾਰ ਬਿਲਕੁਲ ਨਾਕਾਮ ਰਹੀ ਹੈ।